ਗੋਆ ਮਾਮਲਾ: ਥਾਈਲੈਂਡ ਭੱਜੇ ਲੂਥਰਾ ਭਰਾਵਾਂ ਨੂੰ 16 ਦਸੰਬਰ ਨੂੰ ਦਿੱਲੀ ਲਿਆਏਗੀ ਪੁਲੀਸ

ਗੋਆ ਮਾਮਲਾ: ਥਾਈਲੈਂਡ ਭੱਜੇ ਲੂਥਰਾ ਭਰਾਵਾਂ ਨੂੰ 16 ਦਸੰਬਰ ਨੂੰ ਦਿੱਲੀ ਲਿਆਏਗੀ ਪੁਲੀਸ

ਪਣਜੀ: ਗੋਆ ਪੁਲੀਸ ਨੇ ਅੱਜ ਕਿਹਾ ਕਿ ਉੱਤਰੀ ਗੋਆ ਵਿੱਚ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਮਾਲਕ ਲੂਥਰਾ ਭਰਾਵਾਂ ਨੂੰ ਮੰਗਲਵਾਰ ਨੂੰ ਥਾਈਲੈਂਡ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਦਿੱਲੀ ਪਹੁੰਚਣ ’ਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲੈ ਜਾਣਗੇ, ਜਿੱਥੋਂ ਗੋਆ ਪੁਲੀਸ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲੈ ਜਾਵੇਗੀ। ਲੂਥਰਾ ਭਰਾਵਾਂ ਨੂੰ ਬੈਂਕਾਕ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ। ਪੁਲੀਸ ਨੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 105 ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।

ਗੋਆ ਦੇ ਨਾਈਟ ਕਲੱਬ ਵਿਚ ਛੇ ਦਸੰਬਰ ਨੂੰ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ। ਇਸ ਕਲੱਬ ਦੇ ਮਾਲਕ ਗੌਰਵ ਅਤੇ ਸੌਰਭ ਲੂਥਰਾ ਨੇ ਉਸ ਤੋਂ ਅਗਲੇ ਦਿਨ ਸਵੇਰ ਨੂੰ ਥਾਈਲੈਂਡ ਦੇ ਫੁਕੇਟ ਦੀ ਉਡਾਣ ਭਰੀ।

ਇਸ ਤੋਂ ਪਹਿਲਾਂ ਮੁੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਗੋਆ ਦੇ ਨਾਈਟ ਕਲੱਬ ਵਿਚ ਲੱਗੀ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ’ ਚਲਾਏ ਗਏ ਸਨ ਜਿਸ ਕਰਕੇ ਅੱਗ ਲੱਗੀ ਤੇ 25 ਵਿਅਕਤੀਆਂ ਦੀ ਮੌਤ ਹੋ ਗਈ। ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਉੱਤਰੀ ਗੋਆ ਸਥਿਤ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗ ਗਈ ਸੀ। ਮੁੱਢਲੀ ਜਾਂਚ ਵਿਚ ਸਰਕਾਰੀ ਅਧਿਕਾਰੀਆਂ ਦੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਸਾਹਮਣੇ ਆਈ ਸੀ।

Share: