ਡੰਕੀ ਰੂਟ: ਈ ਡੀ ਵੱਲੋਂ 13 ਥਾਵਾਂ ’ਤੇ ਛਾਪੇ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ‘ਡੰਕੀ ਰੂਟ’ ਮਾਮਲੇ ਦੇ ਸਬੰਧ ਵਿੱਚ ਅੱਜ ਪੰਜਾਬ, ਹਰਿਆਣਾ ਤੇ ਦਿੱਲੀ ’ਚ 13 ਕਾਰੋਬਾਰੀ ਤੇ ਰਿਹਾਇਸ਼ੀ ਕਪਲੈਕਸਾਂ ’ਤੇ ਛਾਪਾ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ। ਫਰਵਰੀ 2025 ’ਚ ਅਮਰੀਕਾ ਤੋਂ 330 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਨੂੰ ਡੰਕੀ ਏਜੰਟਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ।

ਈ ਡੀ ਨੇ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਵਾਪਸ ਭੇਜੇ ਗਏ ਭਾਰਤੀਆਂ ਨੂੰ ‘ਡੰਕੀ ਰੂਟ’ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਜਿਸ ਵਿੱਚ ਟਰੈਵਲ ਏਜੰਟਾਂ, ਦਲਾਲਾਂ, ਵਿਦੇਸ਼ੀ ਸਹਿਯੋਗੀਆਂ, ਹਵਾਲਾ ਦਾ ਕਾਰੋਬਾਰ ਕਰਨ ਵਾਲਿਆਂ, ਰਿਹਾਇਸ਼ ਤੇ ਹੋਰ ਮਦਦ ਕਰਨ ਵਾਲਿਆਂ ਦੀ ਪੂਰੀ ਲੜੀ ਸ਼ਾਮਲ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਮਾਰੇ ਗਏ ਦੋ ਛਾਪਿਆਂ ਤੇ ਜਾਂਚ ਦੌਰਾਨ ਇਕੱਠੇ ਗਏ ਸਬੂਤਾਂ ਰਾਹੀਂ ਇਸ ਗਰੋਹ ’ਚ ਸ਼ਾਮਲ ਦੂਜੇ ਤੇ ਤੀਜੇ ਪੱਧਰ ਦੇ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਸਨ। ਅੱਜ ਦੀ ਤਲਾਸ਼ੀ ’ਚ ਇਨ੍ਹਾਂ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅੱਜ ਦੀ ਕਾਰਵਾਈ ਦੌਰਾਨ ਜਿਨ੍ਹਾਂ ਵਿਅਕਤੀਆਂ ਤੇ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ’ਚ ਜਲੰਧਰ ਦੀ ਰਿਚੀ ਟਰੈਵਲਜ਼, ਦਿੱਲੀ ਦੇ ਤਰੁਣ ਖੋਸਲਾ ਤੇ ਪਾਣੀਪਤ ਦੇ ਬਲਵਾਨ ਸ਼ਰਮਾ ਸ਼ਾਮਲ ਹਨ। ਈ ਡੀ ਨੇ ਇਸ ਮਾਮਲੇ ’ਚ 5.41 ਕਰੋੜ ਰੁਪਏ ਦੀ ਰਾਸ਼ੀ ਵੀ ਜ਼ਬਤ ਕੀਤੀ ਸੀ।

ਲੁਧਿਆਣਾ ’ਚ 169 ਜਾਇਦਾਦਾਂ ਜ਼ਬਤ

ਨਵੀਂ ਦਿੱਲੀ: ਈ ਡੀ ਨੇ ਦੱਸਿਆ ਕਿ ਉਸ ਨੇ ਪੀ ਏ ਸੀ ਐੱਲ ਤੇ ਹੋਰਾਂ ਦੇ ਕੇਸ (ਪਰਲ ਘੁਟਾਲਾ) ਦੀ ਚੱਲ ਰਹੀ ਜਾਂਚ ਦੇ ਸਿਲਸਿਲੇ ’ਚ ਪੰਜਾਬ ਵਿਚਲੀਆਂ 169 ਜਾਇਦਾਦਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਮੌਜੂਦਾ ਕੀਮਤ 3436.56 ਕਰੋੜ ਰੁਪਏ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ‘ਲੱਖਾਂ ਨਿਵੇਸ਼ਕਾਂ ਤੋਂ ਹਾਸਲ ਕੀਤੀ ਗਈ ਰਾਸ਼ੀ ਦਾ ਇੱਕ ਹਿੱਸਾ ਪੀ ਏ ਸੀ ਐੱਲ ਦੇ ਨਾਂ ’ਤੇ ਇਹ 169 ਅਚੱਲ ਜਾਇਦਾਦਾਂ ਐਕੁਆਇਰ ਕਰਨ ਲਈ ਵਰਤਿਆ ਗਿਆ ਸੀ।’

Share: