ਰਾਏਕੋਟ: ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੰਦੇ ਸਾਰ ਕੰਮ ਰੋਕੂ ਮਤਾ ਪੇਸ਼ ਕਰਦਿਆਂ ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਚ ਚਿੰਤਾਜਨਕ ਗਿਰਾਵਟ ਕਾਰਨ ਗੰਭੀਰ ਸਥਿਤੀ ਨੂੰ ਦੇਖਦਿਆਂ ਫ਼ੌਰੀ ਚਰਚਾ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਲੋਕ ਸਭਾ ਦੇ ਬਾਹਰ ਗੱਲਬਾਤ ਕਰਦਿਆਂ ਸਰਕਾਰ ਉਪਰ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਵਿੱਚ ਭਾਜਪਾ ਸਰਕਾਰ ਨੇ ਇਸ ਗੰਭੀਰ ਮਾਮਲੇ ਬਾਰੇ ਚੁੱਪ ਧਾਰ ਰੱਖੀ ਹੈ। ਕਾਂਗਰਸ ਪਾਰਟੀ ਦੇ ਪਾਰਲੀਮੈਂਟ ਵਿੱਚ ਸਕੱਤਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਦੇ ਸਕੱਤਰ ਜਨਰਲ ਅਤੇ ਸਪੀਕਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਿ ਦਿੱਲੀ ਦੀ ਹਵਾ ਗੁਣਵੱਤਾ ਸੂਚਕ ਅੰਕ 500 ਨੂੰ ਛੂਹ ਗਿਆ ਹੈ।
ਉਨ੍ਹਾਂ ਕਿਹਾ, “ ਖ਼ਤਰਨਾਕ ਹਵਾ ਜਨਤਕ ਸਿਹਤ ਖ਼ਾਸ ਕਰ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਲਈ ਗੰਭੀਰ ਖ਼ਤਰਾ ਬਣ ਗਈ ਹੈ। ਹਸਪਤਾਲਾਂ ਵਿੱਚ ਦਮਾ, ਸਾਹ ਦੀ ਤਕਲੀਫ਼, ਅੱਖਾਂ ਵਿੱਚ ਜਲ਼ਨ ਅਤੇ ਪ੍ਰਦੂਸ਼ਣ ਨਾਲ ਸਬੰਧਿਤ ਹੋਰ ਬਿਮਾਰੀਆਂ ਦੇ ਮਾਮਲਿਆਂ ਵਿੱਚ ਤਿੱਖਾ ਵਾਧਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਮ ਜਨਜੀਵਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਸੰਵਿਧਾਨ ਦੀ ਧਾਰਾ 21 ਦਾ ਹਵਾਲਾ ਦੇ ਕੇ ਜੀਵਨ ਅਤੇ ਸਿਹਤ ਦੇ ਅਧਿਕਾਰ ਨੂੰ ਗੰਭੀਰ ਖ਼ਤਰੇ ਨੂੰ ਵੇਖਦਿਆਂ ਤੁਰੰਤ ਚਰਚਾ ਦੀ ਮੰਗ ਕੀਤੀ ਹੈ।
