ਪੰਜਾਬ ’ਚ ਵਾਤਾਵਰਣ ਆਡਿਟ ਦੀ ਮੰਗ: ਰਾਜਾ ਵੜਿੰਗ ਨੇ ਮਾਈਨਿੰਗ ਨੂੰ ਦੱਸਿਆ ਹੜ੍ਹਾਂ ਦਾ ਕਾਰਨ

ਪੰਜਾਬ ’ਚ ਵਾਤਾਵਰਣ ਆਡਿਟ ਦੀ ਮੰਗ: ਰਾਜਾ ਵੜਿੰਗ ਨੇ ਮਾਈਨਿੰਗ ਨੂੰ ਦੱਸਿਆ ਹੜ੍ਹਾਂ ਦਾ ਕਾਰਨ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਤਾਵਰਣ ਦੇ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਦੇਸ਼ ਵਿਆਪੀ ‘ਵਾਤਾਵਰਣ ਆਡਿਟ’ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਰਿਆਵਾਂ ਦੇ ਬੈੱਡਾਂ, ਕੰਢਿਆਂ ਅਤੇ ਸੜਕ ਤੇ ਰੇਲਵੇ ਪੁਲਾਂ ਦੇ ਨੇੜੇ ਹੋ ਰਹੀ ਬੇਤਹਾਸ਼ਾ ਰੇਤ ਮਾਈਨਿੰਗ ’ਤੇ ਡੂੰਘੀ ਚਿੰਤਾ ਪ੍ਰਗਟਾਈ। ਵੜਿੰਗ ਨੇ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਇੱਕ ਗੰਭੀਰ ਚਿਤਾਵਨੀ ਹਨ। ਜੇਕਰ ਸਮਾਂ ਰਹਿੰਦੇ ਸੁਧਾਰਾਤਮਕ ਕਦਮ ਨਾ ਚੁੱਕੇ ਗਏ, ਤਾਂ ਸੂਬੇ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਾਤਾਵਰਣਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਂਗਰਸ ਪ੍ਰਧਾਨ ਨੇ ਅਰਾਵਲੀ ਦੀਆਂ ਪਹਾੜੀਆਂ ਵਿੱਚ ਹੋ ਰਹੀ ਅੰਨ੍ਹੇਵਾਹ ਮਾਈਨਿੰਗ ਵਿਰੁੱਧ ਉੱਠੀ ਆਵਾਜ਼ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਵੀ ਅਜਿਹੀ ਹੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਾਲਚ ਵੱਸ ਕੀਤੀ ਜਾ ਰਹੀ ਗੈਰ-ਕਾਨੂੰਨੀ ਮਾਈਨਿੰਗ ਹੀ ਵਾਤਾਵਰਣ ਦੇ ਵਿਨਾਸ਼ ਦਾ ਮੁੱਖ ਕਾਰਨ ਹੈ। ਵੜਿੰਗ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੁਲਾਂ ਅਤੇ ਦਰਿਆਵਾਂ ਨੇੜੇ ਮਾਈਨਿੰਗ ਦੀ ਲਾਪਰਵਾਹੀ ਸੂਬੇ ਲਈ ਜੀਵਨ-ਮਰਨ ਦਾ ਸਵਾਲ ਬਣ ਗਈ ਹੈ, ਜਿਸ ਦੀ ਤਾਜ਼ਾ ਵਾਤਾਵਰਣਕ ਸਮੀਖਿਆ ਹੋਣੀ ਬਹੁਤ ਜ਼ਰੂਰੀ ਹੈ।

Share: