ਯੂਕਰੇਨ ਨੂੰ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਵੇਗਾ ਕੈਨੇਡਾ: ਕਾਰਨੀ

ਯੂਕਰੇਨ ਨੂੰ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਵੇਗਾ ਕੈਨੇਡਾ: ਕਾਰਨੀ

ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨਿਚਰਵਾਰ ਨੂੰ ਯੂਕਰੇਨ ਲਈ ਵਾਧੂ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਨਾਲ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਸਹਾਇਤਾ ਯੂਕਰੇਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਤੋਂ ਫੰਡ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ। ਇਸ ਮੌਕੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਵੀ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ। ਇਸੇ ਦੌਰਾਨ ਰੂਸ ਨੇ ਕੀਵ ਅਤੇ ਯੂਕਰੇਨ ਦੇ ਹੋਰ ਹਿੱਸਿਆਂ ’ਤੇ ਸੈਂਕੜੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇਹ ਹਮਲਾ ਉਸ ਸਮੇਂ ਹੋਇਆ ਹੈ, ਜਦੋਂ ਲਗਪਗ ਚਾਰ ਸਾਲਾਂ ਤੋਂ ਚੱਲੀ ਆ ਰਹੀ ਯੂਕਰੇਨ ਤੇ ਰੂਸ ਦੀ ਜੰਗ ਨੂੰ ਖ਼ਤਮ ਕਰਨ ਸਬੰਧੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅਹਿਮ ਮੀਟਿੰਗ ਹੋ ਰਹੀ ਹੈ।

ਪੂਤਿਨ ਜੰਗ ਨੂੰ ਪਸੰਦ ਕਰਨ ਵਾਲਾ: ਜ਼ੇਲੈਂਸਕੀ

ਨੋਵਾ ਸਕੋਸ਼ੀਆ: ਰੂਸ ਵੱਲੋਂ ਕੀਵ ਅਤੇ ਨੇੜਲੇ ਇਲਾਕਿਆਂ ’ਤੇ ਕੀਤੇ ਤਾਜ਼ਾ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸੀ ਨੇਤਾ ਵਲਾਦੀਮੀਰ ਪੂਤਿਨ ਨੂੰ ਜੰਗ ਪਸੰਦ ਕਰਨ ਵਾਲਾ ਵਿਅਕਤੀ ਕਰਾਰ ਦਿੱਤਾ ਹੈ। ਹੈਲੀਫੈਕਸ, ਨੋਵਾ ਸਕੋਸ਼ੀਆ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਦੌਰਾਨ ਜ਼ੇਲੈਂਸਕੀ ਨੇ ਇਸ ਵੱਡੇ ਹਮਲੇ ਨੂੰ ਰੂਸ ਦੇ ਇਰਾਦਿਆਂ ਨਾਲ ਜੋੜਿਆ। ਜ਼ੇਲੈਂਸਕੀ ਨੇ ਕਿਹਾ, ‘‘ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਉਹ ਜੰਗ ਨੂੰ ਪਸੰਦ ਕਰਨ ਵਾਲਾ ਬੰਦਾ ਹੈ।’’

Share: