ਦਿੱਲੀ ਆਗਰਾ ਐਕਸਪ੍ਰੈੱਸਵੇਅ ’ਤੇ ਬੱਸਾਂ ਤੇ ਕਾਰਾਂ ਦੀ ਟੱਕਰ; 4 ਮੌਤਾਂ, 25 ਜ਼ਖਮੀ

ਦਿੱਲੀ ਆਗਰਾ ਐਕਸਪ੍ਰੈੱਸਵੇਅ ’ਤੇ ਬੱਸਾਂ ਤੇ ਕਾਰਾਂ ਦੀ ਟੱਕਰ; 4 ਮੌਤਾਂ, 25 ਜ਼ਖਮੀ

ਮਥੁਰਾ: ਮਥੁਰਾ ਵਿੱਚ ਮੰਗਲਵਾਰ ਵੱਡੇ ਤੜਕੇ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਵੱਡੇ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਜਣੇ ਜ਼ਖ਼ਮੀ ਹੋ ਗਏ। ਸੰਘਣੀ ਧੁੰਦ ਤੇ ਦਿਸਣ ਹੱਦ ਘੱਟ ਹੋਣ ਕਰਕੇ ਸੱਤ ਬੱਸਾਂ ਅਤੇ ਤਿੰਨ ਕਾਰਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਈ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਕਾਬਿਲੇਗੌਰ ਹੈ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਸਵੇਰੇ ਸੰਘਣੀ ਧੁੰਦ ਪਈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਅਤੇ ਦਿਸਣ ਹੱਦ ਤੇਜ਼ੀ ਨਾਲ ਘਟ ਗਈ। ਆਗਰਾ ਸ਼ਹਿਰ ਸੰਘਣੀ ਧੁੰਦ ਵਿੱਚ ਘਿਰਿਆ ਹੋਇਆ ਸੀ, ਜਿਸ ਕਾਰਨ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਲੋਕਾਂ ਲਈ ਪੂਰੀ ਤਰ੍ਹਾਂ ਅਦਿੱਖ ਹੋ ਗਿਆ। ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਧੁੰਦ ਇੰਨੀ ਸੰਘਣੀ ਸੀ ਕਿ ਸੜਕਾਂ ’ਤੇ ਵਾਹਨਾਂ ਨੂੰ ਵੀ ਦੇਖਣਾ ਮੁਸ਼ਕਲ ਸੀ।

ਐਸਐਸਪੀ ਸ਼ਲੋਕ ਕੁਮਾਰ ਨੇ ਹਾਦਸੇ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ‘‘ਮੰਗਲਵਾਰ ਸਵੇਰੇ ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਵੱਡੇ ਸੜਕ ਹਾਦਸੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਇਹ ਟੱਕਰ, ਜਿਸ ਵਿੱਚ ਸੱਤ ਬੱਸਾਂ ਅਤੇ ਤਿੰਨ ਕਾਰਾਂ ਸ਼ਾਮਲ ਸਨ, ਸੰਘਣੀ ਧੁੰਦ ਕਾਰਨ ਹੋਈ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਸਰਵਿਸ, ਸਥਾਨਕ ਪੁਲੀਸ ਅਤੇ ਸਥਾਨਕ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪੁੱਜ ਗਈਆਂ। ਜਾਣਕਾਰੀ ਮੁਤਾਬਕ 25 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ। ਮੌਕੇ ’ਤੇ ਮੌਜੂਦ ਬਾਕੀ ਲੋਕਾਂ ਨੂੰ ਸਰਕਾਰੀ ਵਾਹਨਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

Share: