ਬੰਗਲਾਦੇਸ਼ ਚੋਣ ਕਮਿਸ਼ਨ ਨੇ ਵਾਧੂ ਸੁਰੱਖਿਆ ਮੰਗੀ

ਢਾਕਾ: ਬੰਗਲਾਦੇਸ਼ ਵਿੱਚ ਹਥਿਆਰਬੰਦ ਲੋਕਾਂ ਵੱਲੋਂ ਅਗਾਮੀ ਸੰਸਦੀ ਚੋਣਾਂ ਲਈ ਉਮੀਦਵਾਰ ਤੇ ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਦੇ ਮੋਹਰੀ ਆਗੂ ਨੂੰ ਗੋਲੀ ਮਾਰੇ ਜਾਣ ਮਗਰੋਂ ਮੁੜ ਪੈਦਾ ਹੋਈ ਅਸ਼ਾਂਤੀ ਕਾਰਨ ਚੋਣ ਕਮਿਸ਼ਨ (ਈ ਸੀ) ਨੇ ਆਪਣੇ ਮੁਖੀ, ਹੋਰ ਕਮਿਸ਼ਨਰਾਂ ਤੇ ਅਧਿਕਾਰੀਆਂ ਲਈ ਵਾਧੂ ਸੁਰੱਖਿਆ ਮੰਗੀ ਹੈ। ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਨੇ ਕਿਹਾ, ‘‘ਚੋਣ ਕਮਿਸ਼ਨ ਨੇ ਪੁਲੀਸ ਦੇ ਇੰਸਪੈਕਟਰ ਜਨਰਲ (ਆਈ ਜੀ ਪੀ) ਨੂੰ ਪੱਤਰ ਲਿਖ ਕੇ ਮੁੱਖ ਚੋਣ ਕਮਿਸ਼ਨਰ, ਚੋਣ ਕਮਿਸ਼ਨਰਾਂ ਤੇ ਚੋਣ ਕਮਿਸ਼ਨ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਲਈ ਵਿਆਪਕ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।’’ ਚੋਣ ਕਮਿਸ਼ਨ ਨੇ 13ਵੀਆਂ ਕੌਮੀ ਚੋਣਾਂ ਤੋਂ ਪਹਿਲਾਂ ਹੇਠਲੇ ਦਫ਼ਤਰਾਂ ਲਈ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ ਕਿਉਂਕਿ ਵੀਰਵਾਰ ਨੂੰ ਚੋਣ ਪ੍ਰੋਗਰਾਮ ਦੇ ਐਲਾਨ ਮਗਰੋਂ ਦੱਖਣ-ਪੂਰਬੀ ਲਕਸ਼ਮੀਪੁਰ ਤੇ ਦੱਖਣੀ-ਪੱਛਮੀ ਪਿਰੋਜ਼ਪੁਰ ’ਚ ਦੋ ਦਫਤਰਾਂ ’ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਕਮਿਸ਼ਨ ਨੇ ਮੁੱਖ ਕਮਿਸ਼ਨਰ ਲਈ ਇੱਕ ਵਾਧੂ ਸੁਰੱਖਿਆ ਵਾਹਨ ਦੀ ਮੰਗ ਕੀਤੀ ਹੈ ਜਦਕਿ ਮੌਜੂਦਾ ਸਮੇਂ ਉਨ੍ਹਾਂ ਲਈ ਪੁਲੀਸ ਦਾ ਇੱਕ ਸੁਰੱਖਿਆ ਵਾਹਨ ਪਹਿਲਾਂ ਹੀ ਤਾਇਨਾਤ ਹੈ। ਚੋਣ ਕਮਿਸ਼ਨ ਨੇ ਚਾਰੇ ਕਮਿਸ਼ਨਰਾਂ ਲਈ 24 ਘੰਟੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ।

Share: