ਬੰਗਲਾਦੇਸ਼ ’ਚ ਘੱਟਗਿਣਤੀਆਂ ’ਤੇ ਹਮਲੇ ਚਿੰਤਾਜਨਕ: ਭਾਰਤ

ਬੰਗਲਾਦੇਸ਼ ’ਚ ਘੱਟਗਿਣਤੀਆਂ ’ਤੇ ਹਮਲੇ ਚਿੰਤਾਜਨਕ: ਭਾਰਤ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਬੰਗਲਾਦੇਸ਼ ’ਚ ਘੱਟਗਿਣਤੀਆਂ ਖ਼ਿਲਾਫ਼ ਲਗਾਤਾਰ ਜਾਰੀ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਭਾਰਤ ਨੇ ਦੁਹਰਾਇਆ ਕਿ ਬੰਗਲਾਦੇਸ਼ ’ਚ ਅਗਾਮੀ ਸੰਸਦੀ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਦੀ ਵਤਨ ਵਾਪਸੀ ’ਤੇ ਵੀ ਭਾਰਤ ਨੇ ਸੋਚ ਵਿਚਾਰ ਕੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਘਟਨਾਕ੍ਰਮ ਨੂੰ ਚੋਣਾਂ ’ਚ ਸਾਰਿਆਂ ਦੇ ਹਿੱਸਾ ਲੈਣ ਦੇ ਸੰਦਰਭ ’ਚ ਦੇਖਿਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਬੰਗਲਾਦੇਸ਼ ਦੇ ਮਯਮਨਸਿੰਘ ’ਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਹੱਤਿਆ ਦੀ ਭਾਰਤ ਸਖ਼ਤ ਨਿੰਦਾ ਕਰਦਾ ਹੈ ਅਤੇ ਆਸ ਪ੍ਰਗਟਾਈ ਕਿ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਬੰਗਲਾਦੇਸ਼ ’ਚ ਹਿੰਦੂਆਂ, ਈਸਾਈਆਂ ਅਤੇ ਬੋਧੀਆਂ ਸਮੇਤ ਘੱਟਗਿਣਤੀਆਂ ਖ਼ਿਲਾਫ਼ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ।’’ ਜੈਸਵਾਲ ਨੇ ਕਿਹਾ ਕਿ ਅੰਤਰਿਮ ਸਰਕਾਰ ਦੇ ਕਾਰਜਕਾਲ ਦੌਰਾਨ ਬੰਗਲਾਦੇਸ਼ ’ਚ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦੀਆਂ 2,900 ਤੋਂ ਵੱਧ ਘਟਨਾਵਾਂ ਦਰਜ ਹੋਈਆਂ ਹਨ। ਜੈਸਵਾਲ ਨੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਝੂਠਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੰਗਲਾਦੇਸ਼ ਹਾਈ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ

ਕੋਲਕਾਤਾ: ਹਿੰਦੂ ਸੰਗਠਨ ਹਿੰਦੂ ਸੰਹਿਤੀ ਦੇ ਕਾਰਕੁਨਾਂ ਨੇ ਅੱਜ ਗੁਆਂਢੀ ਮੁਲਕ ਵਿੱਚ ਘੱਟਗਿਣਤੀ ਹਿੰਦੂਆਂ ’ਤੇ ਕਥਿਤ ਹਮਲਿਆਂ ਦੇ ਵਿਰੋਧ ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਦਫ਼ਤਰ ਤੱਕ ਰੋਸ ਰੈਲੀ ਕੱਢੀ ਅਤੇ ਮਿਸ਼ਨ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਸੰਗਠਨ ਦੇ ਤਿੰਨ ਮੈਂਬਰੀ ਵਫ਼ਦ ਨੇ ਮਿਸ਼ਨ ਦੇ ਸੀਨੀਅਰ ਅਧਿਕਾਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਇਆ। ਮੰਗਾਂ ਵਿੱਚ 18 ਦਸੰਬਰ ਨੂੰ ਦੀਪੂ ਚੰਦਰ ਦਾਸ ਦੀ ਹਜੂਮ ਵੱਲੋਂ ਕੁੱਟ-ਕੁੱਟ ਕੇ ਕੀਤੀ ਹੱਤਿਆ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਅਤੇ ਬੰਗਲਾਦੇਸ਼ ਵਿੱਚ ਘੱਟਗਿਣਤੀਆਂ ਅਤੇ ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਸੁਰੱਖਿਆ ਸ਼ਾਮਲ ਹਨ। ਵਫ਼ਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਬੰਗਲਾਦੇਸ਼ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।

ਢਾਕਾ ’ਚ ਹਾਦੀ ਸਮਰਥਕਾਂ ਵੱਲੋਂ ਪ੍ਰਦਰਸ਼ਨ

ਢਾਕਾ/ਨਵੀਂ ਦਿੱਲੀ; ਬੰਗਲਾਦੇਸ਼ ਵਿੱਚ ਮਾਰੇ ਕੱਟੜ ਆਗੂ ਸ਼ਰੀਫ ਉਸਮਾਨ ਹਾਦੀ ਦੀ ਪਾਰਟੀ ਦੇ ਕਾਰਕੁਨਾਂ ਨੇ ਅੱਜ ਰਾਜਧਾਨੀ ਢਾਕਾ ਵਿੱਚ ਪ੍ਰਦਰਸ਼ਨ ਕੀਤਾ ਤੇ ਮੁੱਖ ਸੜਕ ’ਤੇ ਜਾਮ ਲਾਇਆ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇਨਕਲਾਬ ਮੰਚ ਅਤੇ ਜੁਲਾਈ ਮੰਚ ਦੇ ਸਮਰਥਕਾਂ ਅਤੇ ਆਗੂਆਂ, ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਢਾਕਾ ਯੂਨੀਵਰਸਿਟੀ ਦੀ ਕੇਂਦਰੀ ਮਸੀਤ ਤੋਂ ਸ਼ਾਹਬਾਗ ਤਕ ਰੋਸ ਮਾਰਚ ਕੱਢਿਆ ਤੇ ਧਰਨਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹਾਦੀ ਨੂੰ ਇਨਸਾਫ਼ ਮਿਲਣ ਤਕ ਪ੍ਰਦਰਸ਼ਨ ਜਾਰੀ ਰਹੇਗਾ। ਸ਼ਾਹਬਾਗ ਰਣਨੀਤਕ ਤੌਰ ’ਤੇ ਕਾਫ਼ੀ ਅਹਿਮ ਇਲਾਕਾ ਹੈ ਤੇ ਇਹ ਢਾਕਾ ਦੇ ਕਈ ਹਿੱਸਿਆਂ ਨੂੰ ਆਪਸ ਵਿੱਚ ਜੋੜਦਾ ਹੈ। ਜਾਮ ਕਾਰਨ ਕਈ ਘੰਟੇ ਆਵਾਜਾਈ ਠੱਪ ਰਹੀ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

Share: