ਬੰਗਲਾਦੇਸ਼ ’ਚ ਇੱਕ ਹੋਰ ਆਗੂ ’ਤੇ ਹਮਲਾ

ਬੰਗਲਾਦੇਸ਼ ’ਚ ਇੱਕ ਹੋਰ ਆਗੂ ’ਤੇ ਹਮਲਾ

ਢਾਕਾ: ਬੰਗਲਾਦੇਸ਼ ਵਿੱਚ ਸ਼ਰੀਫ਼ ਉਸਮਾਨ ਹਾਦੀ ਦੀ ਹੱਤਿਆ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਇੱਕ ਹੋਰ ਵਿਦਿਆਰਥੀ ਆਗੂ ’ਤੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੱਖਣੀ-ਪੱਛਮੀ ਖੁਲਨਾ ਸ਼ਹਿਰ ਵਿੱਚ ਸਾਲ 2004 ਦੇ ਹਿੰਸਕ ਵਿਦਿਆਰਥੀ ਅੰਦੋਲਨ ਨਾਲ ਜੁੜੇ ਆਗੂ ਮੋਤਾਲਿਬ ਸਿਕਦਰ ਦੇ ਸਿਰ ਵਿੱਚ ਗੋਲੀ ਮਾਰੀ ਗਈ। ਉਧਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਅੱਜ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਅੰਤਰਿਮ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਪ੍ਰਦਰਸ਼ਨ ਕੀਤਾ। ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਹਜੂਮੀ ਹੱਤਿਆ, ਮੀਡੀਆ ਦਫ਼ਤਰਾਂ ’ਤੇ ਹਮਲਿਆਂ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨ ਨੇੜੇ ਹੋਈ ਹਿੰਸਾ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਗਿਆ। ਹਿੰਦੂ ਅਤੇ ਹੋਰ ਘੱਟ ਗਿਣਤੀ ਜਥੇਬੰਦੀਆਂ ਨੇ ਮਨੁੱਖੀ ਲੜੀ ਬਣਾ ਕੇ ਰੋਸ ਜ਼ਾਹਿਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਦੀਪੂ ਦਾਸ ਦੀ ਹੱਤਿਆ ਮਾਮਲੇ ਵਿੱਚ ਹੁਣ ਤੱਕ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੀਡੀਆ ਦਫ਼ਤਰਾਂ ਤੇ ਸੱਭਿਆਚਾਰਕ ਅਦਾਰਿਆਂ ’ਤੇ ਹਮਲਿਆਂ ਸਬੰਧੀ 9 ਹੋਰ ਜਣੇ ਗ੍ਰਿਫ਼ਤਾਰ ਕੀਤੇ ਹਨ। ਸਰਕਾਰ ਨੇ ਚਟੋਗ੍ਰਾਮ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਿਹਾਇਸ਼ ਬਾਹਰ ਹੰਗਾਮਾ ਕਰਨ ਵਾਲੇ ਤਿੰਨ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਹੈ।

ਨੈਸ਼ਨਲ ਸਿਟੀਜ਼ਨ ਪਾਰਟੀ (ਐੱਨ ਸੀ ਪੀ) ਦੀ ਸੰਯੁਕਤ ਪ੍ਰਮੁੱਖ ਕੋਆਰਡੀਨੇਟਰ ਡਾ. ਮਹਿਮੂਦਾ ਮੀਤੂ ਨੇ ਫੇਸਬੁੱਕ ’ਤੇ ਸਿਕਦਰ ਉਪਰ ਹੋਏ ਹਮਲੇ ਦੀ ਜਾਣਕਾਰੀ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਖੁਲਨਾ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਾਦੀ ਦੀ ਹੱਤਿਆ ਤੋਂ ਬਾਅਦ ਢਾਕਾ ਅਤੇ ਹੋਰ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਸਨ। ਉਸ ਨੂੰ 12 ਦਸੰਬਰ ਨੂੰ ਢਾਕਾ ਵਿੱਚ ਚੋਣ ਪ੍ਰਚਾਰ ਦੌਰਾਨ ਗੋਲੀ ਮਾਰੀ ਗਈ ਸੀ ਅਤੇ ਸਿੰਗਾਪੁਰ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਐਡੀਸ਼ਨਲ ਆਈ ਜੀ ਪੀ ਖੰਡਾਕਰ ਰਫੀਕੁਲ ਇਸਲਾਮ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਹਮਲਾਵਰ ਫੈਸਲ ਕਰੀਮ ਮਸੂਦ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਜ਼ਮ ਦੇ ਦੇਸ਼ ਛੱਡਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਮੁਹੰਮਦ ਯੂਨਸ ਦਾ ਪੁਤਲਾ ਫੂਕਿਆ

ਕੋਲਕਾਤਾ: ਭਾਜਪਾ ਦੇ ਸੀਨੀਅਰ ਆਗੂ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਕੋਲਕਾਤਾ ਵਿੱਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀਪੂ ਦਾਸ ਦੀ ਹਜੂਮੀ ਹੱਤਿਆ ਖ਼ਿਲਾਫ਼ ਰੋਸ ਪ੍ਰਗਟਾਇਆ ਅਤੇ ਬੰਗਲਾਦੇਸ਼ ਦੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦਾ ਪੁਤਲਾ ਫੂਕਿਆ। ਸੁਵੇਂਦੂ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਜੇ ਹਿੰਦੂਆਂ ’ਤੇ ਹਮਲੇ ਨਾ ਰੁਕੇ ਤਾਂ 26 ਦਸੰਬਰ ਨੂੰ 10 ਹਜ਼ਾਰ ਵਰਕਰਾਂ ਨਾਲ ਮੁੜ ਘਿਰਾਓ ਕੀਤਾ ਜਾਵੇਗਾ। ਹਿੰਦੂ ਜਥੇਬੰਦੀਆਂ ਨੇ ਵੀ 24 ਦਸੰਬਰ ਨੂੰ ਸੂਬੇ ਵਿੱਚ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਡਿਪਟੀ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ।

ਪਸ਼ੂ ਤਸਕਰਾਂ ਵੱਲੋਂ ਬੀ ਐੱਸ ਐੱਫ ਜਵਾਨ ਅਗਵਾ

ਕੋਲਕਾਤਾ: ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਬੰਗਲਾਦੇਸ਼ੀ ਪਸ਼ੂ ਤਸਕਰਾਂ ਨੇ ਬੀ ਐੱਸ ਐੱਫ ਦਾ ਜਵਾਨ ਅਗਵਾ ਕਰ ਲਿਆ। ਅਧਿਕਾਰੀਆਂ ਮੁਤਾਬਕ ਐਤਵਾਰ ਸਵੇਰੇ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੰਘਣੀ ਧੁੰਦ ਦੌਰਾਨ ਜਵਾਨ ਤਸਕਰਾਂ ਦਾ ਪਿੱਛਾ ਕਰਦਿਆਂ ਅਣਜਾਣੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰ ਗਿਆ; ਹਾਲਾਂਕਿ ਬੀ ਐੱਸ ਐੱਫ ਵੱਲੋਂ ਬਾਰਡਰ ਗਾਰਡਜ਼ ਬੰਗਲਾਦੇਸ਼ (ਬੀ ਜੀ ਬੀ) ਨਾਲ ਸੰਪਰਕ ਕਰਨ ਤੋਂ ਬਾਅਦ ਸ਼ਾਮ ਨੂੰ ਜਵਾਨ ਸੁਰੱਖਿਅਤ ਭਾਰਤ ਭੇਜ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ ਕਿ 174ਵੀਂ ਬਟਾਲੀਅਨ ਦਾ ਜਵਾਨ ਵੇਦ ਪ੍ਰਕਾਸ਼ ਮੇਖਲੀਗੰਜ ਇਲਾਕੇ ਵਿੱਚ ਤਾਇਨਾਤ ਸੀ। ਜਦੋਂ ਉਸ ਨੇ ਪਸ਼ੂ ਤਸਕਰ ਦੇਖੇ ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਧੁੰਦ ਕਾਰਨ ਰਾਹ ਭਟਕ ਕੇ ਉਹ ਬੰਗਲਾਦੇਸ਼ ਵਾਲੇ ਪਾਸੇ ਚਲਾ ਗਿਆ, ਜਿੱਥੇ ਤਸਕਰਾਂ ਨੇ ਉਸ ਨੂੰ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੀ ਐੱਸ ਐੱਫ ਅਧਿਕਾਰੀਆਂ ਨੇ ਤੁਰੰਤ ਬੀ ਜੀ ਬੀ ਨਾਲ ਫਲੈਗ ਮੀਟਿੰਗ ਕੀਤੀ। ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਵੇਦ ਪ੍ਰਕਾਸ਼ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ ਗਿਆ।

Share: