ਰੇਲ ਕਿਰਾਏ ਵਧਾਉਣ ਦਾ ਐਲਾਨ

ਰੇਲ ਕਿਰਾਏ ਵਧਾਉਣ ਦਾ ਐਲਾਨ

ਨਵੀਂ ਦਿੱਲੀ: ਰੇਲ ਮੰਤਰਾਲੇ ਨੇ 26 ਦਸੰਬਰ ਤੋਂ ਕਿਰਾਇਆਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਅਨੁਸਾਰ, ਰੇਲਾਂ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਸਬ-ਅਰਬਨ ਸੇਵਾਵਾਂ ਅਤੇ ਮਹੀਨਾਵਾਰ ਸੀਜ਼ਨ ਟਿਕਟ (ਐੱਮ ਐੱਸ ਟੀ) ਧਾਰਕਾਂ ਲਈ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਧਾਰਨ ਸ਼੍ਰੇਣੀ ਵਿੱਚ 215 ਕਿਲੋਮੀਟਰ ਤੱਕ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੀ ਕਿਰਾਇਆ ਨਹੀਂ ਵਧੇਗਾ।

ਸਾਧਾਰਨ ਵਰਗ ਵਿੱਚ 215 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਲਈ ਕਿਰਾਏ ਵਿੱਚ ਇਕ ਪੈਸਾ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਵੇਗਾ। ਮੇਲ ਅਤੇ ਐਕਸਪ੍ਰੈੱਸ (ਗੈਰ-ਏਸੀ) ਸ਼੍ਰੇਣੀ ਵਿੱਚ ਕਿਰਾਏ ਦਾ ਵਾਧਾ 2 ਪੈਸੇ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਏ ਸੀ ਸ਼੍ਰੇਣੀਆਂ ਵਿੱਚ ਵੀ 2 ਪੈਸੇ ਪ੍ਰਤੀ ਕਿਲੋਮੀਟਰ ਦਾ ਇੱਕ ਵਰਗਾ ਵਾਧਾ ਦੇਖਣ ਨੂੰ ਮਿਲੇਗਾ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਾਧੇ ਦਾ ਯਾਤਰੀਆਂ ’ਤੇ ਕਾਫੀ ਸੀਮਿਤ ਵਿੱਤੀ ਅਸਰ ਪਵੇਗਾ। ਨਵੇਂ ਕਿਰਾਏ ਤਹਿਤ 500 ਕਿਲੋਮੀਟਰ ਦੀ ਗੈਰ-ਏਸੀ ਯਾਤਰਾ ਲਈ ਸਿਰਫ 10 ਰੁਪਏ ਵਾਧੂ ਦੇਣੇ ਪੈਣਗੇ। ਬਿਆਨ ਅਨੁਸਾਰ, ਕਿਰਾਇਆਂ ਦੇ ਇਸ ਵਾਧੇ ਨਾਲ ਕਰੀਬ 600 ਕਰੋੜ ਰੁਪਏ ਦਾ ਵਾਧੂ ਮਾਲੀਆ ਪੈਦਾ ਹੋਣ ਦੀ ਆਸ ਹੈ।

ਹੋਰ ਤਾਇਨਾਤੀ ’ਤੇ ਜ਼ੋਰ

ਰੇਲ ਮੰਤਰਾਲੇ ਨੇ ਕਿਹਾ ਕਿ ਵਧੇਰੇ ਮੁਲਾਜ਼ਮਾਂ ਦੀ ਤਾਇਨਾਤੀ ਰਾਹੀਂ ਸੁਰੱਖਿਆ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਉਂ ਮਨੁੱਖੀ ਸ਼ਕਤੀ ਨਾਲ ਸਬੰਧਤ ਖਰਚਾ ਵਧ ਕੇ ਲਗਪਗ 1,15,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਪੈਨਸ਼ਨ ਬਿੱਲ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਜੋ 60,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। 2024-25 ਲਈ ਰੇਲਵੇ ਦੀ ਕੁੱਲ ਸੰਚਾਲਨ ਲਾਗਤ 2,63,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

Share: