ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ 40 ਤੋਂ ਵੱਧ ਨਮੂਨੇ ਇਕੱਤਰ ਕੀਤੇ ਹਨ। ਇਨ੍ਹਾਂ ਵਿੱਚ ਇਕ ਜ਼ਿੰਦਾ ਰੌਂਦ ਸਮੇਤ ਦੋ ਕਾਰਤੂਸ ਅਤੇ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਵਿਸਫੋਟਕ ਨਮੂਨਿਆਂ ਵਿੱਚੋਂ ਇੱਕ ਅਮੋਨੀਅਮ ਨਾਈਟ੍ਰੇਟ ਜਾਪਦਾ ਹੈ। ਸੋਮਵਾਰ ਨੂੰ ਫਰੀਦਾਬਾਦ ਵਿੱਚ ਇਕ ਘਰ ਵਿਚ ਕੀਤੀ ਛਾਪੇਮਾਰੀ ਦੌਰਾਨ ਦਿੱਲੀ ਪੁਲੀਸ ਨੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਸੀ। ਪੁਲੀਸ ਨੇ ਇਸ ਸਬੰਧ ਵਿਚ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਡਾ. ਮੁਜ਼ਾਮਿਲ ਗਨਾਈ ਅਤੇ ਡਾ. ਸ਼ਾਹੀਨ ਸਈਦ ਨੂੰ ਗ੍ਰਿਫਤਾਰ ਕੀਤਾ ਸੀ।
ਅਧਿਕਾਰੀ ਨੇ ਕਿਹਾ, ‘‘ਦੂਜਾ ਵਿਸਫੋਟਕ ਨਮੂਨਾ ਅਮੋਨੀਅਮ ਨਾਈਟ੍ਰੇਟ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਇਸ ਦੀ ਸਹੀ ਰਚਨਾ ਦੀ ਪੁਸ਼ਟੀ ਵਿਆਪਕ ਫੋਰੈਂਸਿਕ ਜਾਂਚ ਤੋਂ ਬਾਅਦ ਕੀਤੀ ਜਾਵੇਗੀ।’’ ਅਧਿਕਾਰੀਆਂ ਮੁਤਾਬਕ ਫੋਰੈਂਸਿਕ ਟੀਮ ਨੂੰ ਮੌਕੇ ਦਾ ਮੁਆਇਨਾ ਕਰਦੇ ਸਮੇਂ ਕਾਰਤੂਸ ਮਿਲੇ। ਹੁਣ ਤੱਕ 40 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ। ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ਦੇ ਬਾਹਰ ਟਰੈਫਿਕ ਸਿਗਨਲ ਕੋਲ ਚੱਲਦੀ ਗੱਡੀ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕਾਂ ਦੀ ਖਸਲਤ ਅਤੇ ਧਮਾਕੇ ਵਿੱਚ ਉਨ੍ਹਾਂ ਦੀ ਵਰਤੋਂ ਬਾਰੇ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਐੱਫਐੱਸਐੱਲ ਨੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਟੀਮ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਬਿਨਾਂ ਦੇਰੀ ਕੀਤੇ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਧਮਾਕੇ ਤੋਂ ਬਾਅਦ ਲੈਬ 24 ਘੰਟੇ ਕੰਮ ਕਰ ਰਹੀ ਹੈ।

