ਪੂਤਿਨ ਦਾ ਦੋ ਦਿਨਾ ਭਾਰਤ ਦੌਰਾ 4 ਤੋਂ

ਪੂਤਿਨ ਦਾ ਦੋ ਦਿਨਾ ਭਾਰਤ ਦੌਰਾ 4 ਤੋਂ

ਨਵੀਂ ਦਿੱਲੀ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖ਼ਰ ਵਾਰਤਾ ਲਈ 4 ਦਸੰਬਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਆਉਣਗੇ। ਇਸ ਵਾਰਤਾ ਨਾਲ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਹਿਮ ਨਤੀਜੇ ਮਿਲਣ ਦੀ ਆਸ ਹੈ। ਵਿਦੇਸ਼ ਮੰਤਰਾਲੇ ਨੇ ਦੌਰੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ‘ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ’ ਨੂੰ ਮਜ਼ਬੂਤ ਬਣਾਉਣ ਦਾ ਨਜ਼ਰੀਆ ਕਾਇਮ ਹੋਵੇਗਾ। ਇਸ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ 23ਵੀਂ ਭਾਰਤ-ਰੂਸ ਸਾਲਾਨਾ ਸਿਖ਼ਰ ਮੀਟਿੰਗ ਲਈ 4 ਤੋਂ 5 ਦਸੰਬਰ ਤੱਕ ਭਾਰਤ ਦੇ ਦੌਰੇ ’ਤੇ ਆਉਣਗੇ।’’ ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਪੂਤਿਨ ਦਾ ਸਵਾਗਤ ਕਰਨਗੇ ਅਤੇ ਉਨ੍ਹਾਂ ਦੇ ਸਨਮਾਨ ’ਚ ਭੋਜ ਦੇਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੂਤਿਨ ਦੇ ਦੌਰੇ ਦੌਰਾਨ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਵਿਚਾਰ ਚਰਚਾ ਹੋਵੇਗੀ। ਮੋਦੀ-ਪੂਤਿਨ ਵਾਰਤਾ ਨਾਲ ਰੱਖਿਆ ਤੇ ਸੁਰੱਖਿਆ, ਵਪਾਰ ਅਤੇ ਗ਼ੈਰ-ਫੌਜੀ ਪਰਮਾਣੂ ਊਰਜਾ ਜਿਹੇ ਖੇਤਰਾਂ ’ਚ ਸਹਿਯੋਗ ਦੇ ਹੋਰ ਗੂੜ੍ਹਾ ਹੋਣ ਦੀ ਉਮੀਦ ਹੈ। ਵਾਰਤਾ ਦੌਰਾਨ ਯੂਕਰੇਨ ਜੰਗ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਭਾਰਤ, ਰੂਸ ਤੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਹੋਰ ਖੇਪ ਖਰੀਦਣ ਬਾਰੇ ਵਿਚਾਰ ਕਰ ਰਿਹਾ ਹੈ, ਕਿਉਂਕਿ ਇਹ ਹਥਿਆਰ ਅਪਰੇਸ਼ਨ ਸਿੰਧੂਰ ਦੌਰਾਨ ਅਸਰਦਾਰ ਸਾਬਤ ਹੋਏ ਸਨ ਅਤੇ ਮੀਟਿੰਗ ਦੌਰਾਨ ਇਸ ਦੀ ਖਰੀਦ ’ਤੇ ਚਰਚਾ ਹੋ ਸਕਦੀ ਹੈ। ਰੂਸੀ ਰਾਸ਼ਟਰਪਤੀ ਨੇ ਆਖਰੀ ਵਾਰ 2021 ’ਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।

Share: