ਪੰਜਾਬ ’ਵਰਸਿਟੀ ਦਾ ਪ੍ਰਬੰਧਕੀ ਰੱਦੋਬਦਲ ਟਲਿਆ

ਚੰਡੀਗਡ਼੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਸੰਘਰਸ਼ ਸ਼ੁਰੂ ਹੁੰਦਿਆਂ ਹੀ ਕੇਂਦਰ ਦਾ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਹੈ ਜਿਸ ਤਹਿਤ ਇਹ ਤਬਦੀਲੀ ਕੀਤੀ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਬੰਧ ਦੇ ਪੁਨਰਗਠਨ ਦਾ ਅਮਲ ਅਗਲੇ ਹੁਕਮਾਂ ਤੱਕ ਰੋਕ ਲਿਆ ਗਿਆ ਹੈ। ਉੱਧਰ, ਮੋਰਚੇ ਦੇ ਆਗੂਆਂ ਵੱਲੋਂ ਇਸ ਨੂੰ ਕੂੜ ਪ੍ਰਚਾਰ ਦੱਸਿਆ ਜਾ ਰਿਹਾ ਹੈ। ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ’ ਦੇ ਆਗੂਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਹੈ ਬਲਕਿ ਇਸ ਨੂੰ ਲਾਗੂ ਕਰਨ ਦੀ ਤਰੀਕ ’ਤੇ ਫਿਲਹਾਲ ਰੋਕ ਲਗਾਈ ਗਈ ਹੈ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ’ਤੇ ਫੈਸਲਾ ਰੱਦ ਹੋਣ ਸਬੰਧੀ ਕੋਈ ਨਵਾਂ ਨੋਟੀਫਿਕੇਸ਼ਨ ਜਾਂ ਪ੍ਰੈੱਸ ਨੋਟ ਆਦਿ ਜਾਰੀ ਨਹੀਂ ਕੀਤਾ ਗਿਆ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਦੋ ਨੋਟੀਫਿਕੇਸ਼ਨਾਂ ਵਿੱਚੋਂ ਪਹਿਲੇ ਵਿੱਚ 30 ਅਕਤੂਬਰ ਦਾ ਹੁਕਮ ਰੱਦ ਕੀਤਾ ਹੈ; ਦੂਜਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਨਿਰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਐਕਟ-1947 (ਈਸਟ ਪੰਜਾਬ ਐਕਟ 7 ਆਫ 1947), ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਤਰੀਕ ਤੋਂ ਸੋਧਾਂ ਤਹਿਤ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਤਬਦੀਲੀਆਂ ਕਾਨੂੰਨ ਵਿੱਚ ਤਾਂ ਜਾਇਜ਼ ਰਹਿਣਗੀਆਂ ਪਰ ਇਹ ਉਦੋਂ ਹੀ ਲਾਗੂ ਹੋਣਗੀਆਂ ਜਦੋਂ ਕੇਂਦਰ ਨਵਾਂ ਨੋਟੀਫਿਕੇਸ਼ਨ ਜਾਰੀ ਕਰੇਗਾ।

Share: