ਪਾਕਿ ਨੇ ਸਰਹੱਦੀ ਇਲਾਕਿਆਂ ’ਚੋਂ 72 ਦਹਿਸ਼ਤੀ ਟਿਕਾਣੇ ਹਟਾਏ: ਬੀ ਐੱਸ ਐੱਫ

ਜੰਮੁੂ: ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਮਗਰੋਂ ਪਾਕਿਸਤਾਨ ਨੇ ਛੇ ਦਰਜਨ ਤੋਂ ਵੱਧ ਦਹਿਸ਼ਤੀ ਟਿਕਾਣੇ ਮੁਲਕ ਦੇ ਅੰਦਰੂਨੀ ਦੁਰੇਡੇ ਇਲਾਕਿਆਂ ’ਚ ਤਬਦੀਲ ਕਰ ਦਿੱਤੇ ਹਨ। ਬੀ ਐੈੱਸ ਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਇਹ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਰਹੱਦ ਪਾਰ ਇਹ ਅਪਰੇਸ਼ਨ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਸੀਮਾ ਸੁਰੱਖਿਆ ਬਲ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਬੀ ਐੱਸ ਐੱਫ 7 ਤੋਂ 10 ਮਈ ਤੱਕ ਚਾਰ ਦਿਨ ਦੀ ਲੜਾਈ ਮਗਰੋਂ 72 ਘੰਟਿਆਂ ਬਾਅਦ ਫੌਜੀ ਕਾਰਵਾਈ ਰੋਕਣ ਦਾ ਸਨਮਾਨ ਕਰਦੀ ਹੈ।ਇੱਥੇ ਪ੍ਰੈੱਸ ਕਾਨਫਰੰਸ ’ਚ ਬੀ ਐੱਸ ਐੱਫ ਦੇ ਡੀ ਆਈ ਜੀ ਵਿਕਰਮ ਕੁੰਵਰ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਦੌਰਾਨ ਬੀ ਐੱਸ ਐੱਫ ਵੱਲੋਂ ਸਰਹੱਦ ’ਤੇ ਕਈ ਦਹਿਸ਼ਤੀ ਟਿਕਾਣੇ ਤਬਾਹ ਕਰਨ ਮਗਰੋਂ ਪਾਕਿਸਤਾਨ ਸਰਕਾਰ ਨੇ ਅਜਿਹੇ ਸਾਰੇ ਟਿਕਾਣੇ ਅੰਦਰੂਨੀ ਇਲਾਕਿਆਂ ’ਚ ਤਬਦੀਲ ਕਰ ਦਿੱਤੇ। ਲਗਪਗ 12 ਕੈਂਪ ਸਿਆਲਕੋਟ ਤੇ ਜ਼ਫਰਵਾਲ ਦੇ ਇਲਾਕਿਆਂ ’ਚ ਚੱਲ ਰਹੇ ਹਨ, ਜੋ ਸਰਹੱਦ ਦੇ ਨੇੜੇ ਨਹੀਂ ਹਨ। ਇਸੇ ਤਰ੍ਹਾਂ ਸਰਹੱਦ ਤੋਂ ਦੁਰੇਡੇ ਇਲਾਕਿਆਂ ’ਚ 60 ਟਿਕਾਣੇ ਸਰਗਰਮ ਹਨ।’’ ਉਨ੍ਹਾਂ ਨੇ ਅਪਰੇਸ਼ਨ ਸਿੰਧੂਰ ’ਚ ਯੋਗਦਾਨ ਸਣੇ ਬੀ ਐੱਸ ਐੱਫ ਦੀਆਂ ਹੋਰ ਪ੍ਰਾਪਤੀਆਂ ਵੀ ਗਿਣਵਾਈਆਂ।

ਇਸ ਮੌਕੇ ਬੀ ਐੱਸ ਐੱਫ ਜੰਮੂ ਦੇ ਇੰਸਪੈਕਟਰ ਜਨਰਲ ਸ਼ਸ਼ਾਂਕ ਆਨੰਦ ਨੇ ਕਿਹਾ ਕਿ ਜੰਮੂ ਵਿੱਚ ਘੁਸਪੈਠ ਨੂੰ ਰੋਕਣ ਲਈ ਬੀ ਐੱਸ ਐੱਫ ਹਰ ਵੇਲੇ ਚੌਕਸ ਤੇ ਹਰ ਚੁਣੌਤੀ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਆਧੁਨਿਕ ਜੰਗ ’ਚ ਡਰੋਨ ਤਕਨੀਕ ਤੇ ਹਵਾਈ ਖੇਤਰ ਫ਼ੈਸਲਾਕੁਨ ਹਿੱਸਾ ਬਣ ਗਏ। ਬੀ ਐੱਸ ਐੱਫ ਤੇ ਹੋਰ ਏਜੰਸੀਆਂ ਡਰੋਨ ਚੁਣੌਤੀ ਨਾਲ ਨਜਿੱਠ ਰਹੀਆਂ ਹਨ। ਅਸੀਂ ਆਪਣੀ ਸਮਰੱਥਾ ਵਧਾ ਰਹੇ ਹਾਂ ਤੇ ਸਾਨੂੰ ਅਗਲੇ ਵਰ੍ਹੇ ਹੋਰ ਸਫਲਤਾ ਦੀ ਉਮੀਦ ਹੈ।’’

ਅਪਰੇਸ਼ਨ ਸਿੰਧੂਰ ਇੱਕਜੁਟਤਾ ਦੀ ਬਿਹਤਰੀਨ ਮਿਸਾਲ: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨਾਗਰਿਕ-ਮਿਲਟਰੀ ਇੱਕਜੁਟਤਾ ਦੀ ਬਿਹਤਰੀਨ ਮਿਸਾਲ ਹੈ ਜਿੱਥੇ ਪ੍ਰਸ਼ਾਸਨਿਕ ਪ੍ਰਣਾਲੀ ਨੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਤੇ ਅਹਿਮ ਸੂਚਨਾਵਾਂ ਦੇ ਸੰਚਾਰ ਲਈ ਹਥਿਆਰਬੰਦ ਬਲਾਂ ਨਾਲ ਰਲ ਕੇ ਕੰਮ ਕੀਤਾ। ਉੱਤਰਾਖੰਡ ਦੇ ਮਸੂਰੀ ਸਥਿਤ ਲਾਲ ਬਹਾਦਰ ਸ਼ਾਸਤਰੀ ਕੌਮੀ ਪ੍ਰਸ਼ਾਸਨ ਅਕਾਦਮੀ ਵਿੱਚ 100ਵੇਂ ਕਾਮਨ ਫਾਊਂਡੇਸ਼ਨ ਕੋਰਸ ਦੀ ਸਮਾਪਤੀ ਮੌਕੇ ਉਨ੍ਹਾਂ ਨੇ ਨੌਜਵਾਨ ਸਿਵਿਲ ਸੇਵਕਾਂ ਨੂੰ ਕੌਮੀ ਹਿੱਤਾਂ ਦੀ ਰੱਖਿਆ ਲਈ ਆਪਣੀ ਭੂਮਿਕਾ ਸਮਝਣ ਤੇ ਸੈਨਿਕਾਂ ਨੂੰ ਗੰਭੀਰ ਸਥਿਤੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Share: