ਕੇਂਦਰ ਸਰਕਾਰ ਨੇ ਅਲ ਫਲਾਹ ਯੂਨੀਵਰਸਿਟੀ ਦੇ ਸਾਰੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਈਡੀ ਅਤੇ ਹੋਰ ਵਿੱਤੀ ਜਾਂਚ ਏਜੰਸੀਆਂ ਨੂੰ ਹਰਿਆਣਾ ਸਥਿਤ ਸੰਸਥਾ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਫੈਸਲਾ ਕੀਤਾ ਗਿਆ। ਦਿੱਲੀ ਦੇ ਲਾਲ ਕਿਲੇ ਨੇੜੇ 10 ਨਵੰਬਰ ਨੂੰ ਧਮਾਕਾ ਹੋਇਆ ਸੀ ਜਿਸ ਦੀ ਚੱਲ ਰਹੀ ਜਾਂਚ ਦੀ ਅੱਜ ਕੇਂਦਰ ਨੇ ਸਮੀਖਿਆ ਕੀਤੀ। ਇਸ ਧਮਾਕੇ ਕਾਰਨ 13 ਜਣੇ ਹਲਾਕ ਅਤੇ ਕਈ ਜ਼ਖਮੀ ਹੋ ਗਏ ਸਨ। ਲਾਲ ਕਿਲਾ ਧਮਾਕੇ ਮਾਮਲੇ ਵਿਚ ਨਾਂ ਸਾਹਮਣੇ ਆਉਣ ’ਤੇ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ (ਏ ਆਈ ਯੂ) ਨੇ ਅਲ ਫਲਾਹ ਯੂਨੀਵਰਸਿਟੀ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਦਿੱਲੀ ਬੰਬ ਧਮਾਕੇ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਵਿੱਚ ਇੱਕ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਤੇ ਇੱਕ ਕਾਰਡੀਓਲੋਜੀ ਦੇ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਦੋਵੇਂ ਜੰਮੂ ਅਤੇ ਕਸ਼ਮੀਰ ਦੇ ਰਹਿਣ ਵਾਲੇ ਸਨ। ਜਾਂਚਕਰਤਾਵਾਂ ਨੇ ਕਿਹਾ ਹੈ ਕਿ ਦਹਿਸ਼ਤਗਰਦਾਂ ਨੇ ਦੇਸ਼ ਭਰ ਦੇ ਚਾਰ ਸ਼ਹਿਰਾਂ ਵਿੱਚ ਹੋਰ ਹਮਲੇ ਕਰਨ ਦੀ ਯੋਜਨਾ ਬਣਾਈ ਸੀ।
ਖੁਫੀਆ ਏਜੰਸੀਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਘਾਤਕ ਕਾਰ ਧਮਾਕੇ ਨਾਲ ਜੁੜੀ ਇੱਕ ਵੱਡੀ ਅਤਿਵਾਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ। ਸੂਤਰਾਂ ਅਨੁਸਾਰ ਮਸ਼ਕੂਕਾਂ ਨੇ ਕਈ ਥਾਵਾਂ ’ਤੇ ਇਕੋ ਵੇਲੇ ਹਮਲੇ ਕਰਨ ਲਈ ਵਿਸਫੋਟਕਾਂ ਨਾਲ ਭਰੇ ਲਗਪਗ 32 ਵਾਹਨ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਤਫ਼ਤੀਸ਼ਕਾਰਾਂ ਨੇ ਖੁਲਾਸਾ ਕੀਤਾ ਕਿ ਮਸ਼ਕੂਕਾਂ ਨੇ ਯੋਜਨਾਬੱਧ ਧਮਾਕਿਆਂ ਵਿੱਚ ਵਰਤੋਂ ਲਈ ਪਹਿਲਾਂ ਹੀ ਇੱਕ i20 ਅਤੇ EcoSport ਨੂੰ ਮੋਡੀਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਏਜੰਸੀਆਂ ਹੁਣ ਜਾਂਚ ਕਰ ਰਹੀਆਂ ਹਨ ਕਿ ਕੀ ਲੜੀਵਾਰ ਧਮਾਕਿਆਂ ਨੂੰ ਅੰਜਾਮ ਦੇਣ ਲਈ ਵਡੇਰੀ ਸਾਜ਼ਿਸ਼ ਦੀ ਕੜੀ ਵਜੋਂ ਹੋਰ ਵਾਹਨ ਤਿਆਰ ਕੀਤੇ ਜਾ ਰਹੇ ਸਨ। ਇੱਕ ਖੁਫੀਆ ਅਧਿਕਾਰੀ ਨੇ ANI ਨੂੰ ਦੱਸਿਆ, ‘‘ਸਾਨੂੰ ਸਬੂਤ ਮਿਲੇ ਹਨ ਕਿ i20 ਅਤੇ EcoSport ਤੋਂ ਬਾਅਦ 32 ਹੋਰ ਵਾਹਨਾਂ ਵਿੱਚ ਵਿਸਫੋਟਕ ਫਿੱਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।’’
ਸੂਤਰਾਂ ਨੇ ਦੱਸਿਆ ਕਿ ਅੱਠ ਮਸ਼ਕੂਕ ਕਥਿਤ ਤੌਰ ’ਤੇ ਚਾਰ ਥਾਵਾਂ ‘ਤੇ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਨ੍ਹਾਂ ਵਿੱਚੋਂ ਹਰੇਕ ਜੋੜੇ ਨੂੰ ਨਿਸ਼ਾਨੇ ਵਜੋਂ ਇਕ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰੇਕ ਟੀਮ ਇੱਕੋ ਸਮੇਂ ਹਮਲਿਆਂ ਲਈ ਕਈ ਵਿਸਫੋਟਕ ਯੰਤਰ (IED) ਲੈ ਕੇ ਜਾਣ ਦਾ ਇਰਾਦਾ ਰੱਖਦੀ ਸੀ।
ਇਸ ਦੌਰਾਨ ਪੀਟੀਆਈ ਦੀ ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ‘ਵ੍ਹਾਈਟ-ਕਾਲਰ ਦਹਿਸ਼ਤੀ ਮੌਡਿਊਲ’ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਡਾਕਟਰਾਂ ਨੇ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਪ੍ਰਾਪਤ ਕਰਨ ਲਈ 26 ਲੱਖ ਰੁਪਏ ਤੋਂ ਵੱਧ ਇਕੱਠੇ ਕੀਤੇ ਸਨ।
ਉਨ੍ਹਾਂ ਕਿਹਾ ਕਿ ਚਾਰ ਮਸ਼ਕੂਕਾਂ ਡਾ. ਮੁਜ਼ੱਮਿਲ ਗਨਈ, ਡਾ. ਅਦੀਲ ਅਹਿਮਦ ਰਾਥਰ, ਡਾ. ਸ਼ਾਹੀਨ ਸਈਦ ਅਤੇ ਡਾ. ਉਮਰ ਨਬੀ- ਨੇ ਇਹ ਨਕਦੀ ਇਕੱਠੀ ਕੀਤੀ ਸੀ, ਜੋ ਮਗਰੋਂ ਸਾਂਭਣ ਅਤੇ ਵਰਤਣ ਲਈ ਡਾ. ਉਮਰ ਨੂੰ ਸੌਂਪ ਦਿੱਤੀ ਗਈ ਸੀ। ਡਾ. ਉਮਰ ਨਬੀ ਜੋ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਸੀ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ ਫਲਾਹ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸੀ, ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਖੇਤਰ ਵਿੱਚ ਹੋਏ ਧਮਾਕੇ ਮੌਕੇ ਹੁੰਡਈ ਆਈ20 ਕਾਰ ਚਲਾ ਰਿਹਾ ਸੀ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਫੰਡ ਇੱਕ ਵੱਡੀ ਅਤਿਵਾਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ। ਇਕੱਠੇ ਕੀਤੇ ਪੈਸੇ ਦੀ ਵਰਤੋਂ ਕਰਕੇ, ਸਮੂਹ ਨੇ ਕਥਿਤ ਤੌਰ ‘ਤੇ ਗੁਰੂਗ੍ਰਾਮ, ਨੂਹ ਅਤੇ ਨੇੜਲੇ ਕਸਬਿਆਂ ਦੇ ਸਪਲਾਇਰਾਂ ਤੋਂ ਤਿੰਨ ਲੱਖ ਰੁਪਏ ਦੀ ਕਰੀਬ 26 ਕੁਇੰਟਲ NPK ਖਾਦ ਖਰੀਦੀ ਸੀ।
ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਇਕੱਤਰ ਕੀਤੇ ਨਮੂਨਿਆਂ ਦੇ ਡੀਐੱਨਏ ਟੈਸਟ ਤੋਂ ਸਾਫ਼ ਹੋ ਗਿਆ ਹੈ ਕਿ ਡਾ.ਉਮਰ ਨਬੀ ਉਸ ਕਾਰ ਨੂੰ ਚਲਾ ਰਿਹਾ ਸੀ, ਜਿਸ ਵਿਚ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ। ਪੁਲੀਸ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਮਰ ਦੀ ਮਾਂ ਦੇ ਡੀਐਨਏ ਨਮੂਨੇ ਮੰਗਲਵਾਰ ਨੂੰ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਇੱਥੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਮਨੁੱਖੀ ਅੰਗਾਂ ਨਾਲ ਉਨ੍ਹਾਂ ਦਾ ਮਿਲਾਨ ਕੀਤਾ ਗਿਆ ਸੀ। ਸੂਤਰ ਨੇ ਕਿਹਾ ਕਿ ਡੀਐਨਏ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਧਮਾਕੇ ਵਾਲੀ ਕਾਰ ਨੂੰ ਉਮਰ ਚਲਾ ਰਿਹਾ ਸੀ। ਉਮਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੇਨਕਾਬ ਕੀਤੇ ਗਏ ‘ਵ੍ਹਾਈਟ ਕਾਲਰ’ ਅਤਿਵਾਦੀ ਮੌਡਿਊਲ ਦਾ ਮੁੱਖ ਮੈਂਬਰ ਸੀ। ਉਹ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਪੁਲੀਸ ਵੱਲੋਂ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਸਬੰਧਾਂ ਵਾਲੇ ਦਹਿਸ਼ਤੀ ਮੌਡਿਊਲ ਨੂੰ ਬੇਨਕਾਬ ਕਰਨ ਅਤੇ ਤਿੰਨ ਡਾਕਟਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਕੁਝ ਘੰਟਿਆਂ ਬਾਅਦ, ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ ਨੇੜੇ ਧੀਮੀ ਰਫ਼ਤਾਰ ਨਾਲ ਚੱਲਦੀ ਕਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਜੰਮੂ-ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਇਸ ਅਤਿਵਾਦੀ ਮੌਡਿਊਲ ਦੀ ਪੈੜ ਨੱਪਣ ਮਗਰੋਂ ਪੁਲੀਸ ਨੇ ਕਰੀਬ 3,000 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਜ਼ਬਤ ਕੀਤੇ ਸਨ।

