ਮੋਗਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਸਰਗਰਮੀ ਨੇ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਹੱਥ ’ਚ ਫੜਕੇ ਸਹੁੰ ਚੁੱਕਣ ਅਤੇ ਬਿਕਰਮ ਸਿੰਘ ਮਜੀਠਿਆ ਦੇ ਹੱਕ ਵਿਚ ਸਾਂਝੀ ਕੀਤੀ ਪੋਸਟ ਮਾਮਲੇ ’ਚ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਖ਼ਿਲਾਫ਼ ਵੀ ਲੰਬੇ ਸਮੇਂ ਬਾਅਦ ਚੁੱਪ ਤੋੜੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਦੇ ਮੋਗਾ ਸਥਿਤ ਦਫਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਉਹ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਜਦੋਂ ਤਲਵੰਡੀ ਸਾਬੋ ਆਏ ਸਨ ਤਾਂ ਉਨ੍ਹਾਂ ਉੱਥੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਗੁਟਕਾ ਸਾਹਿਬ ਹੱਥ ’ਚ ਫੜਕੇ ਆਹਿਦ ਲਿਆ ਸੀ ਕਿ ਉਹ ਸੂਬੇ ’ਚੋਂ ਨਸ਼ੇ ਦੇ ਖ਼ਾਤਮੇ ਲਈ ਪੂਰੀ ਵਾਹ ਅਤੇ ਤਾਕਤ ਲਗਾਉਣਗੇ।
ਉਨ੍ਹਾਂ ਵਿਰੋਧੀ ਧਿਰਾਂ ਦੇ ਇਸ ਪ੍ਰਚਾਰ ਨੂੰ ਸਿਆਸੀ ਬਿਆਨਬਾਜ਼ੀ ਕਰਾਰ ਦਿੰਦੇ ਦਾਅਵਾ ਕੀਤਾ ਕਿ ਉਦੋਂ ਕੁਝ ਹੱਦ ਤੱਕ ਸੂਬੇ ’ਚ ਨਸ਼ਿਆਂ ਨੂੰ ਠੱਲ ਵੀ ਪਈ ਅਤੇ ਜੇਲ੍ਹਾਂ ਤਸਕਰਾਂ ਨਾਲ ਭਰ ਗਈਆਂ ਸਨ ਅਤੇ ਆਮ ਛੋਟੇ ਅਪਰਾਧਿਆਂ ਨੂੰ ਛੱਡਣਾ ਪਿਆ ਸੀ। ਉਨ੍ਹਾਂ ਕਿਹਾ ਕਿ ਮਜੀਠਿਆ ਮੇਰਾ ਰਿਸ਼ਤੇਦਾਰ ਨਹੀਂ ਉਨ੍ਹਾਂ ਨੇ ਪੋਸਟ ਸਾਂਝੀ ਕਰਕੇ ਸੂਬਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਆਲ ਚੁੱਕੇ ਸਨ।
ਇਸ ਮੌਕੇ ਕੈਪਟਨ ਨੇ ਕਿਸੇ ਸਿਆਸੀ ਪਾਰਟੀ ਨਾਲ ਭਾਜਪਾ ਦੇ ਗਠਜੋੜ ਬਾਰੇ ਕਿਹਾ ਕਿ ਪਾਰਟੀ ਦੀ ਕੌਮੀ ਬਾਡੀ ਅਜਿਹੇ ਫੈਸਲੇ ਲੈਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਅੱਜ ਪਾਰਟੀ ਪ੍ਰਤੀ ਮਾਹੌਲ ਬਣ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ ਹੋ ਸਕਦਾ ਹੈ ਸਾਨੂੰ ਗਠਜੋੜ ਦੀ ਲੋੜ ਨਾ ਪਵੇ।
ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਕਿਹਾ ਕਿ ਮੈਂ ਗੈਂਗਸਟਰ ਜੇਲ੍ਹਾਂ ’ਚ ਡੱਕ ਕੇ ਸਿੱਧੇ ਕਰ ਦਿੱਤੇ ਸੀ ਹੁਣ ਤਾਂ ਖੁੱਲ੍ਹੇਆਮ ਘੁੰਮ ਰਹੇ ਹਨ। ਮਾਨ ਸਰਕਾਰ ਪੰਜਾਬ ਦੇ ਆਮ ਲੋਕਾਂ ਨਾਲ ਭਾਜਪਾ ਦੇ ਵਧਦੇ ਸਬੰਧਾਂ ਤੋਂ ਡਰ ਨੂੰ ਸਤਾ ਰਿਹਾ ਹੈ।

