ਅੰਬਾਲਾ: ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਸਵੇਰੇ ਹਰਿਆਣਾ ਦੇ ਅੰਬਾਲਾ ਸਥਿਤ ਏਅਰ ਫੋਰਸ ਸਟੇਸ਼ਨ ਪਹੁੰਚੇ ਹਨ। ਇੱਥੇ ਉਹ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ (ਸੋਰਟੀ) ਭਰਨਗੇ। ਰਾਫੇਲ ਜੈੱਟਾਂ ਦੀ ਵਰਤੋਂ ਅਪਰੇਸ਼ਨ ਸਿੰਦੂਰ ਦੌਰਾਨ ਕੀਤੀ ਗਈ ਸੀ, ਜੋ ਕਿ ਭਾਰਤ ਵੱਲੋਂ 22 ਅਪ੍ਰੈਲ ਦੇ ਭਿਆਨਕ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਵੀ ਸ਼ਾਮਲ ਸਨ।
ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਸੀ, ‘‘ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ, ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਦਾ ਦੌਰਾ ਕਰਨਗੇ ਜਿੱਥੇ ਉਹ ਰਾਫੇਲ ਵਿੱਚ ਉਡਾਣ ਭਰਨਗੇ।’’
8 ਅਪ੍ਰੈਲ, 2023 ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਰਬਉੱਚ ਕਮਾਂਡਰ ਮੁਰਮੂ ਤੀਸਰੇ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਅਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ’ਤੇ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ।
ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਕ੍ਰਮਵਾਰ 8 ਜੂਨ, 2006 ਅਤੇ 25 ਨਵੰਬਰ, 2009 ਨੂੰ ਪੁਣੇ ਨੇੜੇ ਲੋਹੇਗਾਓਂ ਏਅਰ ਫੋਰਸ ਸਟੇਸ਼ਨ ‘ਤੇ ਸੁਖੋਈ-30 MKI ਲੜਾਕੂ ਜਹਾਜ਼ਾਂ ਵਿੱਚ ਉਡਾਣ ਭਰੀ ਸੀ।
ਫਰਾਂਸੀਸੀ ਏਰੋਸਪੇਸ ਪ੍ਰਮੁੱਖ ਡਸੌਲਟ ਐਵੀਏਸ਼ਨ ਵੱਲੋਂ ਨਿਰਮਿਤ ਰਾਫੇਲ ਲੜਾਕੂ ਜਹਾਜ਼ਾਂ ਨੂੰ ਰਸਮੀ ਤੌਰ ‘ਤੇ ਸਤੰਬਰ 2020 ਵਿੱਚ ਅੰਬਾਲਾ ਏਅਰ ਫੋਰਸ ਸਟੇਸ਼ਨ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

