ਜਗਰਾਉਂ: ਸਵਰਗੀ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ, ਜਿਨ੍ਹਾਂ ਵਿੱਚ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਅਤੇ ਕਲਾ ਪ੍ਰੇਮੀ ਸ਼ਾਮਲ ਹਨ, ਆਪਣੇ ਪਿਆਰੇ ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੁਧਿਆਣਾ ਦੇ ਜਗਰਾਉਂ ਨੇੜਲੇ ਕੋਠੇ ਪੋਨਾ ਪਿੰਡ ਪਹੁੰਚ ਗਏ ਹਨ। ਪ੍ਰਸ਼ਾਸਨ ਵੱਡੀ ਗਿਣਤੀ ਪ੍ਰਸ਼ੰਸਕਾਂ ਦੀ ਆਮਦ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਲੈ ਕੇ ਪੱਬਾਂ ਭਾਰ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਨਾਲ ਲੱਗਦੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਪ੍ਰਸ਼ੰਸਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਮਰਹੂਮ ਗਾਇਕ ਦੇ ਘਰ ਨਾਲ ਲੱਗਦੇ ਸਰਕਾਰੀ ਸਕੂਲ ਵਿਚ ਬਣਾਏ ਗਏ ਅਸਥਾਈ ਸ਼ਮਸ਼ਾਨਘਾਟ ਅਤੇ ਉਸ ਦੇ ਨੇੜੇ ਤੇੜੇ ਬੈਰੀਕੇਡਿੰਗ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਸਿੱਧਵਾਂ ਬੇਟ ਬਲਾਕ ਅਧੀਨ ਆਉਂਦੇ ਇੱਕ ਖੇਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਲਈ ਹੈਲੀਪੈਡ ਵੀ ਤਿਆਰ ਕੀਤਾ ਹੈ। ਬੁੱਧਵਾਰ ਦੇਰ ਸ਼ਾਮ ਜਦੋਂ ਗਾਇਕ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਪਹੁੰਚੀ ਤਾਂ ਜਵੰਦਾ ਪਰਿਵਾਰ ਦੇ ਮੈਂਬਰਾਂ ਸਮੇਤ ਦੋਸਤ ਅਤੇ ਰਿਸ਼ਤੇਦਾਰ ਕੋਠੇ ਪੋਨਾ ਪਹੁੰਚ ਗਏ ਸਨ। ਰਾਜਵੀਰ ਦੀ ਮਾਂ ਪਰਮਜੀਤ ਕੌਰ, ਜਿਸ ਨੂੰ ਪਿੰਡ ਵਿੱਚ ਸਰਪੰਚ ਕਿਹਾ ਜਾਂਦਾ ਹੈ, ਦਾ ਰੋ ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਦੇ ਪਤੀ ਕਰਮ ਸਿੰਘ, ਜੋ ਕਿ ਪੰਜਾਬ ਪੁਲੀਸ ਵਿੱਚ ਏਐਸਆਈ ਸਨ, ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਰਾਜਵੀਰ ਦੇ ਪਰਿਵਾਰ ਵਿਚ ਵਿਧਵਾ ਮਾ, ਪਤਨੀ ਤੇ ਦੋ ਬੱਚੇ ਹਨ। ਗਾਇਕ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਚ ਰੱਖਿਆ ਗਿਆ ਹੈ ਜਿੱਥੋਂ ਇਸ ਨੂੰ ਸਵੇਰੇ 11 ਵਜੇ ਦੇ ਕਰੀਬ ਅੰਤਿਮ ਰਸਮਾਂ ਲਈ ਲਿਜਾਇਆ ਜਾਵੇਗਾ।
Posted inNews
ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਲਈ ਵੱਡੀ ਗਿਣਤੀ ਪ੍ਰਸ਼ੰਸਕ ਪਿੰਡ ਕੋਠਾ ਪੋਨਾ ਪੁੱਜੇ

