ਕਾਠਮੰਡੂ : ਨੇਪਾਲ ਵਿੱਚ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਨੂੰ ਇੱਕ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ਵਿੱਚ ਤਿੰਨ ਕੈਦੀ ਮਾਰੇ ਗਏ ਹਨ, ਜਦੋਂ ਕਿ ਦੋ ਦਰਜਨ ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ਵਿੱਚ ਮਰਨ ਵਾਲੇ ਕੈਦੀਆਂ ਦੀ ਗਿਣਤੀ ਅੱਠ ਹੋ ਗਈ ਹੈ।
ਇਸ ਹਿੰਸਕ ਅੰਦੋਲਨ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਮੰਗਲਵਾਰ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਸੀ। ਜਿਸ ਤੋਂ ਬਾਅਦ ਨੇਪਾਲੀ ਸੈਨਾ ਨੇ ਦੇਸ਼ ਭਰ ਵਿੱਚ ਗੰਭੀਰ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਸੂਤਰ ਨੇ ਦੱਸਿਆ ਕਿ ਝੜਪ ਉਦੋਂ ਸ਼ੁਰੂ ਹੋਈ ਜਦੋਂ ਕੈਦੀਆਂ ਨੇ ਇੱਕ ਗੈਸ ਸਿਲੰਡਰ ਦੀ ਵਰਤੋਂ ਕਰਕੇ ਧਮਾਕਾ ਕਰਦਿਆਂ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਕੰਟਰੋਲ ਮੁੜ ਸਥਾਪਤ ਕਰਨ ਲਈ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਕੈਦੀ ਮਾਰੇ ਗਏ।
ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਮੇਛਾਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।
ਦ ਕਾਠਮੰਡੂ ਪੋਸਟ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ, “ਜੇਲ੍ਹ ਤੋੜਨ ਦੀਆਂ ਘਟਨਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਕਈ ਜੇਲ੍ਹ ਸਹੂਲਤਾਂ ‘ਤੇ ਹਮਲਾ ਕੀਤਾ, ਪ੍ਰਸ਼ਾਸਨਿਕ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਅਤੇ ਜੇਲ੍ਹ ਦੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕੀਤਾ। ਬੁੱਧਵਾਰ ਸ਼ਾਮ ਤੱਕ ਮੁੱਢਲੀਆਂ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ 25 ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਘੱਟ ਗਿਣਤੀ ਵਿੱਚ ਖੁਦ ਵਾਪਸ ਆਏ ਜਾਂ ਦੁਬਾਰਾ ਫੜੇ ਗਏ ਹਨ।

