ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ, ਰੂਸ ਅਤੇ ਚੀਨ ਦੇ ਆਗੂਆਂ ਵਿਚਕਾਰ ‘ਨੇੜਤਾ’ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤ ਨੂੰ ਰੂਸ ਦੀ ਬਜਾਇ ਵਾਸ਼ਿੰਗਟਨ, ਯੂਰੋਪ ਅਤੇ ਯੂਕਰੇਨ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ‘ਨੇੜਤਾ’ ਦਿਖਾਉਣ ਮਗਰੋਂ ਆਈ ਹੈ। ਤਿੰਨਾਂ ਆਗੂਆਂ ਦੀ ਇਸ ਨੇੜਤਾ ਸਬੰਧੀ ਪੁੱਛੇ ਸੁਆਲ ਦੇ ਜੁਆਬ ’ਚ ਸ੍ਰੀ ਨਵਾਰੋ ਨੇ ਵ੍ਹਾਈਟ ਹਾਊਸ ’ਚ ਕਿਹਾ,‘ਇਹ ਚਿੰਤਾਜਨਕ ਹੈ। ਕਾਫ਼ੀ ਚਿੰਤਾਜਨਕ।’ ਟਰੰਪ ਪ੍ਰਸ਼ਾਸਨ ਦੇ ਵਪਾਰ ਤੇ ਉਤਪਾਦਨ ਸਬੰਧੀ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਸ੍ਰੀ ਨਵਾਰੋ ਨੇ ਕਿਹਾ,‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਮੋਦੀ ਦਾ ਸਭ ਤੋਂ ਵੱਡੇ ਤਾਨਾਸ਼ਾਹਾਂ- ਪੂਤਿਨ ਅਤੇ ਸ਼ੀ ਜਿਨਪਿੰਗ ਨਾਲ ਦਿਖਾਈ ਦੇਣਾ ਸ਼ਰਮ ਦੀ ਗੱਲ ਹੈ। ਇਸ ਦਾ ਕੋਈ ਅਰਥ ਨਹੀਂ ਨਿਕਲਦਾ।’ ਸ੍ਰੀ ਨਵਾਰੋ ਨੇ ਕਿਹਾ,‘ਮੈਨੂੰ ਸਮਝ ਨਹੀਂ ਆਉਂਦਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ’ਚ ਕੀ ਹੈ, ਖ਼ਾਸ ਕਰਕੇ ਅਜਿਹੇ ਸਮੇਂ ਜਦੋਂ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਚੀਨ ਨਾਲ ਕਦੇ ਸ਼ੀਤ ਜੰਗ ਤੇ ਕਦੇ ਸਿੱਧੇ ਸੰਘਰਸ਼ ਦੀ ਸਥਿਤੀ ’ਚ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਆਗੂ ਇਹ ਸਮਝਣਗੇ ਕਿ ਉਨ੍ਹਾਂ ਨੂੰ ਰੂਸ ਦੇ ਨਾਲ ਨਹੀਂ ਬਲਕਿ ਸਾਡੇ, ਯੂਰੋਪ ਤੇ ਯੂਕਰੇਨ ਨਾਲ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਰੂਸ ਤੋਂ ਤੇਲ ਖ਼ਰੀਦਣਾ ਵੀ ਬੰਦ ਕਰਨਾ ਚਾਹੀਦਾ ਹੈ।’
Posted inNews
