ਨਿੳੂਯਾਰਕ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਆਮ ਸਭਾ (ਯੂ ਐੱਨ ਜੀ ਏ) ਦਾ 80ਵਾਂ ਉੱਚ ਪੱਧਰੀ ਸੈਸ਼ਨ ਸ਼ੁਰੂ ਹੋ ਰਿਹਾ ਹੈ।
ਇਹ ਮੀਟਿੰਗ ਲੋਟੇ ਨਿਊਯਾਰਕ ਪੈਲੇਸ ’ਚ ਹੋਈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਰੂਸੀ ਤੇਲ ਦੀ ਖਰੀਦ ਲਈ ਵਾਧੂ 25 ਫੀਸਦ ਟੈਕਸ ਲਾਉਣ ਤੋਂ ਬਾਅਦ ਇਨ੍ਹਾਂ ਆਗੂਆਂ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਗੱਲਬਾਤ ਹੈ। ਅਮਰੀਕਾ ਵੱਲੋਂ ਵਾਧੂ 25 ਫੀਸਦ ਟੈਕਸ ਲਾਏ ਜਾਣ ਮਗਰੋਂ ਭਾਰਤ ’ਤੇ ਕੁੱਲ ਟੈਕਸ 50 ਫੀਸਦ ਹੋ ਗਿਆ ਹੈ। ਇਹ ਦੋਵੇਂ ਆਗੂ ਆਖਰੀ ਵਾਰ ਜੁਲਾਈ ’ਚ ਵਾਸ਼ਿੰਗਟਨ ਡੀਸੀ ’ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਮਿਲੇ ਸਨ। ਇਨ੍ਹਾਂ ਆਗੂਆਂ ਦੀ ਮੀਟਿੰਗ ਉਸੇ ਦਿਨ ਹੋ ਰਹੀ ਹੈ ਜਿਸ ਦਿਨ ਭਾਰਤ ਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਚਰਚਾ ਕਰਨਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਹੇਠ ਇੱਕ ਵਫ਼ਦ ਅੱਜ ਸ਼ਹਿਰ ’ਚ ਅਮਰੀਕੀ ਧਿਰ ਨਾਲ ਮੁਲਾਕਾਤ ਕਰੇਗਾ। ਵਣਜ ਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘ਵਫ਼ਦ ਦੁਵੱਲੇ ਤੌਰ ’ਤੇ ਲਾਹੇਵੰਦ ਸਮਝੌਤੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਚਰਚਾ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।’ ਉੱਚ ਪੱਧਰੀ ਯੂ ਐੱਨ ਜੀ ਏ ਦੇ ਸੈਸ਼ਨ ਲਈ ਬੀਤੇ ਦਿਨ ਨਿਊਯਾਰਕ ਪੁੱਜੇ ਜੈਸ਼ੰਕਰ ਸੈਸ਼ਨ ਦੌਰਾਨ ਕਈ ਦੁਵੱਲੀਆਂ ਤੇ ਬਹੁ-ਪੱਖੀ ਮੀਟਿੰਗਾਂ ਕਰਨਗੇ ਅਤੇ 27 ਸਤੰਬਰ ਨੂੰ ਯੂ ਐੱਨ ਜੀ ਏ ਮੰਚ ਤੋਂ ਸੈਸ਼ਨ ਨੂੰ ਸੰਬੋਧਨ ਕਰਨਗੇ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ 16 ਸਤੰਬਰ ਨੂੰ ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਦੇ ਅਧਿਕਾਰੀਆਂ ਦੀ ਭਾਰਤ ਯਾਤਰਾ ਦੌਰਾਨ ਵਪਾਰ ਸਮਝੌਤੇ ਦੇ ਵੱਖ ਵੱਖ ਪੱਖਾਂ ’ਤੇ ਸਕਾਰਾਤਮਕ ਚਰਚਾ ਹੋਈ ਸੀ ਅਤੇ ਇਸ ਸਬੰਧ ’ਚ ਕੋਸ਼ਿਸ਼ਾਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

