ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਰਕਾਨੂੰਨੀ ਆਨਲਾਈਨ ਬੈੱਟਿੰਗ ਐਪ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੂੰ 22 ਸਤੰਬਰ ਲਈ ਸੰਮਨ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਉਥੱਪਾ (39) ਨੂੰ 1xBet ਨਾਂ ਦੇ ਪਲੈਟਫਾਰਮ ਨਾਲ ਸਬੰਧਤ ਕੇਸ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ (PMLA) ਤਹਿਤ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ। ਸੂਤਰਾਂ ਮੁਤਾਬਕ ਸਾਬਕਾ ਕ੍ਰਿਕਟਰ ਨੂੰ 22 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਥੱਪਾ ਤੀਜਾ ਸਾਬਕਾ ਭਾਰਤੀ ਕ੍ਰਿਕਟਰ ਹੈ ਜਿਸ ਨੂੰ ਇਸ ਕੇਸ ਵਿਚ ਸੰਮਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸੰਘੀ ਜਾਂਚ ਏਜੰਸੀ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਤੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੁੱਛ ਪੜਤਾਲ ਕਰ ਚੁੱਕੀ ਹੈ। ਏਜੰਸੀ ਨੇ ਸੋਮਵਾਰ ਨੂੰ ਇਸ ਕੇਸ ਵਿਚ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਐੱਮਪੀ ਤੇ ਅਦਾਕਾਰਾ ਮਿਮੀ ਚੱਕਰਵਰਤੀ ਦੇ ਬਿਆਨ ਕਲਮਬੰਦ ਕੀਤੇ ਸਨ।
ਸੂਤਰਾਂ ਨੇ ਦੱਸਿਆ ਕਿ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਆਪਣੇ ਨਿਰਧਾਰਤ ਸੰਮਨ ’ਤੇ ਈਡੀ ਅੱਗੇ ਪੇਸ਼ ਹੋਏ, ਜਦੋਂ ਕਿ 1xBet ਦੀ ਭਾਰਤ ਬ੍ਰਾਂਡ ਅੰਬੈਸਡਰ, ਅਦਾਕਾਰਾ ਉਰਵਸ਼ੀ ਰੌਤੇਲਾ, ਨੂੰ ਵੀ ਅੱਜ ਪੁੱਛਗਿੱਛ ਲਈ ਸੱਦਿਆ ਗਿਆ ਹੈ।

