ਅਮਰੀਕਾ: ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ਼ ਅੱਜ ਤੋਂ ਲਾਗੂ

ਅਮਰੀਕਾ: ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ਼ ਅੱਜ ਤੋਂ ਲਾਗੂ

ਵਾਸ਼ਿੰਗਟਨ: ਭਾਰਤੀ ਵਸਤਾਂ ’ਤੇ ਅਮਰੀਕਾ ’ਚ ਵਾਧੂ 25 ਫ਼ੀਸਦ ਟੈਰਿਫ ਭਲਕੇ ਬੁੱਧਵਾਰ ਤੋਂ ਲਾਗੂ ਹੋ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਤੋਂ ਬਾਜ਼ ਨਾ ਆਉਣ ਕਾਰਨ 25 ਫ਼ੀਸਦ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤੀ ਵਸਤਾਂ ’ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਜੁਲਾਈ ’ਚ ਐਲਾਨਿਆ ਗਿਆ 25 ਫ਼ੀਸਦ ਟੈਰਿਫ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ। ਵਾਧੂ ਟੈਰਿਫ ਲਾਗੂ ਹੋਣ ਨਾਲ ਭਾਰਤ ਦੀ ਅਮਰੀਕਾ ਨੂੰ ਬਰਾਮਦਗੀ ’ਤੇ 48.2 ਅਰਬ ਡਾਲਰ ਤੋਂ ਵੱਧ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤ ਤੋਂ ਇਲਾਵਾ ਅਮਰੀਕਾ ਨੇ ਬ੍ਰਾਜ਼ੀਲ ’ਤੇ 50 ਫ਼ੀਸਦ ਟੈਰਿਫ ਲਗਾਇਆ ਹੈ।

ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 25 ਫ਼ੀਸਦ ਵਾਧੂ ਟੈਰਿਫ 27 ਅਗਸਤ ਤੋਂ ਅਮਲ ’ਚ ਆਉਣ ਦੀ ਜਾਣਕਾਰੀ ਦਿੱਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਉਤਪਾਦਾਂ ਦੀ ਦਰਾਮਦ ’ਤੇ ਡਿਊਟੀ ਦੀ ਇੱਕ ਨਵੀਂ ਦਰ ਨਿਰਧਾਰਤ ਕੀਤੀ ਗਈ ਹੈ। ਆਦੇਸ਼ ’ਚ ਕਿਹਾ ਗਿਆ ਹੈ ਕਿ ਵਧਿਆ ਹੋਇਆ ਟੈਰਿਫ ਉਨ੍ਹਾਂ ਭਾਰਤੀ ਉਤਪਾਦਾਂ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 27 ਅਗਸਤ ਨੂੰ ‘ਈਸਟਰਨ ਡੇਅਲਾਈਟ ਟਾਈਮ’ ਮੁਤਾਬਕ ਰਾਤ 12 ਵਜ ਕੇ ਇਕ ਮਿੰਟ ਜਾਂ ਉਸ ਤੋਂ ਬਾਅਦ ਖਪਤ ਲਈ ਮੁਲਕ ’ਚ ਲਿਆਂਦਾ ਗਿਆ ਹੈ ਜਾਂ ਗੁਦਾਮ ’ਚੋਂ ਕੱਢਿਆ ਗਿਆ ਹੈ। ਆਦੇਸ਼ ਅਨੁਸਾਰ ਭਾਰਤੀ ਉਤਪਾਦਾਂ ’ਤੇ ਵਾਧੂ ਟੈਰਿਫ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ 14329 ਦੀ ਧਾਰਾ 3 ਨੂੰ ਪ੍ਰਭਾਵੀ ਬਣਾਉਣ ਲਈ ਲਗਾਏ ਜਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਭਾਰਤ ’ਤੇ ਰੂਸੀ ਤੇਲ ਦੀ ਖ਼ਰੀਦ ਮਗਰੋਂ ਉਸ ਨੂੰ ਦੁਬਾਰਾ ਬਾਜ਼ਾਰ ’ਚ ਵੇਚ ਕੇ ‘ਮੁਨਾਫ਼ਾ’ ਕਮਾਉਣ ਦਾ ਦੋਸ਼ ਲਗਾਇਆ ਹੈ।

Share: