ਸੰਯੁਕਤ ਰਾਸ਼ਟਰ: ਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਸਤੰਬਰ ਵਿਚ ਹੋਣ ਵਾਲੇ ਸਾਲਾਨਾ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਆਰਜ਼ੀ ਸੂਚੀ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਮੁਲਾਕਾਤ ਹੋ ਸਕਦੀ ਹੈ। ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਆਗੂਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੀ ਉੱਚ-ਪੱਧਰੀ ਚਰਚਾ ਲਈ ਬੁਲਾਰਿਆਂ ਦੀ ਆਰਜ਼ੀ ਸੂਚੀ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ 26 ਸਤੰਬਰ ਸਵੇਰੇ ਸੈਸ਼ਨ ਨੂੰ ਸੰਬੋਧਨ ਕਰਨਗੇ। ਇਜ਼ਰਾਈਲ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਰਕਾਰਾਂ ਦੇ ਮੁਖੀ ਵੀ ਉਸੇ ਦਿਨ ਆਮ ਸਭਾ ਨੂੰ ਸੰਬੋਧਨ ਕਰਨਗੇ। ਯੂਐੱਨਜੀਏ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਆਮ ਚਰਚਾ 23 ਤੋਂ 29 ਸਤੰਬਰ ਤੱਕ ਚੱਲੇਗੀ, ਜਿਸ ਵਿੱਚ ਬ੍ਰਾਜ਼ੀਲ ਸੈਸ਼ਨ ਦਾ ਰਵਾਇਤੀ ਪਹਿਲਾ ਤੇ ਅਮਰੀਕਾ ਦੂਜਾ ਸਪੀਕਰ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੰਚ ਤੋਂ ਆਲਮੀ ਆਗੂਆਂ ਨੂੰ ਸੰਬੋਧਨ ਕਰਨਗੇ। ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਮਗਰੋਂ ਸੰਯੁਕਤ ਰਾਸ਼ਟਰ ’ਚ ਇਹ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ।
Posted inNews
ਮੋਦੀ ਸੰਯੁਕਤ ਰਾਸ਼ਟਰ ਸੰਮੇਲਨ ਲਈ ਅਗਲੇ ਮਹੀਨੇ ਜਾ ਸਕਦੇ ਨੇ ਨਿਊਯਾਰਕ

