ਪਿਸ਼ਾਵਰ: ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅੱਜ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ, ਜਦਕਿ ਦੇਸ਼ ਦੇ ਉੱਤਰੀ ਹਿੱਸੇ (ਖੈਬਰ ਪਖਤੁੂਨਖਵਾ) ਵਿੱਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 327 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ 26 ਜੂਨ ਤੋਂ ਸ਼ੁਰੂ ਹੋਏ ਮੌਨਸੂਨੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹੁਣ ਤੱਕ ਲਗਪਗ 650 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ 21 ਅਗਸਤ ਤੱਕ ਦੇਸ਼ ਭਰ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਉੱਤਰ-ਪੱਛਮੀ ਇਲਾਕਿਆਂ ਦੇ ਲੋਕਾਂ ਨੂੰ ‘ਇਹਤਿਆਤੀ ਕਦਮ’ ਚੁੱਕਣ ਦੀ ਅਪੀਲ ਕੀਤੀ ਹੈ।
ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਕਿਹਾ ਹੈ ਕਿ ਇਸ ਵਰ੍ਹੇ ਆਮ ਨਾਲੋਂ ਪਹਿਲਾਂ ਸ਼ੁਰੂ ਹੋਇਆ ਮੋਹਲੇਧਾਰ ਮੀਂਹ ਅਗਲੇ ਦੋ ਹਫ਼ਤਿਆਂ ਤੱਕ ਹੋਰ ਜ਼ੋਰਦਾਰ ਤਰੀਕੇ ਨਾਲ ਜਾਰੀ ਰਹਿਣ ਦੇ ਆਸਾਰ ਹਨ। ਐੱਨਡੀਐੱਮਏ ਮੁਤਾਬਕ ਮੋਹਲੇਧਾਰ ਮੌਨਸੂਨੀ ਮੀਂਹ ਅਤੇ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਖੈਬਰ ਪਖਤੂਨਖਵਾ ’ਚ ਘੱਟੋ-ਘੱਟ 327 ਵਿਅਕਤੀ ਮਾਰੇ ਗਏ ਹਨ। ਇਕੱਲੇ ਬੁਨੇਰ ਵਿੱਚ ਹੀ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜੋ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਮਕਾਨ ਢਹਿਣ ਦੀਆਂ ਘਟਨਾਵਾਂ ’ਚ ਘੱਟੋ-ਘੱਟ 137 ਵਿਅਕਤੀ ਜ਼ਖਮੀ ਹੋਏ ਹਨ ਜਦਕਿ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕ, ਪਸ਼ੂ ਤੇ ਵਾਹਨ ਰੁੜ੍ਹ ਗਏ।
