ਵਡੋਦਰਾ : ਗੁਜਰਾਤ ਦੇ ਵਡੋਦਰਾ ਨੇੇੜੇ ਮੁਜਪੁਰ ਵਿਚ ਲੰਘੇ ਦਿਨ ਪੁਲ ਢਹਿਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੋ ਹੋਰ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਹੈ। ਗੰਭੀਰਾ ਪਿੰਡ ਨੇੜੇ ਮਾਹੀਸਾਗਰ ਨਦੀ ’ਤੇ ਬਣੇ ਚਾਰ ਦਹਾਕੇ ਪੁਰਾਣੇ ਪੁਲ ਦਾ ਇਕ ਹਿੱਸਾ ਢਹਿਣ ਕਰਕੇ ਕਈ ਵਾਹਨ ਨਦੀ ਵਿਚ ਡਿੱਗ ਗਏ ਸਨ।
ਵਡੋਦਰਾ ਦੇ ਡੀਐੱਸਪੀ ਰੋਹਨ ਆਨੰਦ ਨੇ ਕਿਹਾ, ‘‘ਬੁੱਧਵਾਰ ਰਾਤ ਨੂੰ ਮਾਹੀਸਾਗਰ ਨਦੀ ਵਿਚੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਪੁਲ ਢਹਿਣ ਕਰਕੇ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਇਸ ਹਾਦਸੇ ਵਿਚ ਪੰਜ ਜਣੇ ਜ਼ਖ਼ਮੀ ਹੋ ਗਏ ਸਨ, ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।’’ ਜਿਨ੍ਹਾਂ ਦੋ ਪੀੜਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਦੀ ਪਛਾਣ ਮਹਿਰਾਮ ਹਥੀਆ (51) ਤੇ ਵਿਸ਼ਨੂ ਰਾਵਲ (27) ਵਜੋਂ ਹੋਈ ਹੈ।
ਅਧਿਕਾਰੀਆਂ ਅਨੁਸਾਰ ਗੰਭੀਰਾ-ਮੁਜਪੁਰ ਪੁਲ ਦਾ ਇੱਕ ਹਿੱਸਾ, ਜੋ ਕਿ ਮੱਧ ਗੁਜਰਾਤ ਨੂੰ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦਾ ਹੈ, ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਢਹਿ ਗਿਆ ਸੀ। ਇਸ ਕਾਰਨ ਪੁਲ ਤੋਂ ਲੰਘ ਰਹੇ ਵਾਹਨ ਨਦੀ ਵਿੱਚ ਡਿੱਗ ਗਏ। ਆਨੰਦ ਨੇ ਕਿਹਾ ਕਿ ਬਚਾਏ ਗਏ ਨੌਂ ਵਿਅਕਤੀਆਂ ਵਿੱਚੋਂ ਪੰਜ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਵਡੋਦਰਾ ਦੇ ਐਸਐਸਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।
ਇੱਕ ਸਰਕਾਰੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੜਕ ਅਤੇ ਇਮਾਰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਵੀਰਵਾਰ ਸਵੇਰੇ ਇੱਥੇ ਉੱਚ ਪੱਧਰੀ ਜਾਂਚ ਕਰਨ ਲਈ ਪਹੁੰਚੀ। ਐੱਨਡੀਆਰਐੱਫ ਅਤੇ ਹੋਰ ਏਜੰਸੀਆਂ ਵੱਲੋਂ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਸਮੇਤ ਵੱਖ-ਵੱਖ ਅਧਿਕਾਰੀ ਵੀਰਵਾਰ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਦਾ ਨਿਰੀਖਣ ਕੀਤਾ ਜਦੋਂ ਕਿ ਮਾਲੀਆ ਅਧਿਕਾਰੀ ਅਤੇ ਪੁਲੀਸ ਟੀਮਾਂ ਨੇ ਰਾਤ ਭਰ ਤੋਂ ਡੇਰੇ ਲਾਏ ਹੋਏ ਹਨ।

