ਝਾਰਖੰਡ: ਦੋ ਘੰਟੇ ਉਡੀਕ ਕਰਦੀ ਰਹੀ ਰੇਲਗੱਡੀ, ਹਥਨੀ ਨੇ ਰੇਲਵੇ ਲਾਈਨਾਂ ’ਤੇ ਬੱਚੇ ਨੂੰ ਜਨਮ ਦਿੱਤਾ

ਝਾਰਖੰਡ: ਦੋ ਘੰਟੇ ਉਡੀਕ ਕਰਦੀ ਰਹੀ ਰੇਲਗੱਡੀ, ਹਥਨੀ ਨੇ ਰੇਲਵੇ ਲਾਈਨਾਂ ’ਤੇ ਬੱਚੇ ਨੂੰ ਜਨਮ ਦਿੱਤਾ

ਨਵੀਂ ਦਿੱਲੀ : ਰੇਲਵੇ ਲਾਈਨ ਪਾਰ ਕਰਦਿਆਂ ਹਾਥੀਆਂ ਦੇ ਅਕਸਰ ਰੇਲਗੱਡੀ ਨਾਲ ਟਕਰਾਉਣ ਕਰਕੇ ਮਾਰੇ ਜਾਣ ਦੀਆਂ ਖ਼ਬਰਾਂ ਦਰਮਿਆਨ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਹਮਣੇ ਆਈ ਹੈ। ਝਾਰਖੰਡ ਵਿੱਚ ਇੱਕ ਰੇਲਗੱਡੀ ਨੇ ਦੋ ਘੰਟੇ ਤੱਕ ਉਡੀਕ ਕੀਤੀ ਕਿਉਂਕਿ ਇੱਕ ਹਥਨੀ ਨੇ ਰੇਲਵੇ ਲਾਈਨਾਂ ’ਤੇ ਬੱਚੇ ਨੂੰ ਜਨਮ ਦਿੱਤਾ।

ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਇਹ ਕਹਾਣੀ ਸਾਂਝੀ ਕਰਦੇ ਹੋਏ ਕਿਹਾ, ‘‘ਮਨੁੱਖਾਂ ਤੇ ਜਾਨਵਰਾਂ ਦਰਮਿਆਨ ਟਕਰਾਅ ਦੀਆਂ ਖ਼ਬਰਾਂ ਤੋਂ ਪਰੇ, ਮਨੁੱਖਾਂ ਤੇ ਜਾਨਵਰਾਂ ਵਿਚਾਲੇ ਸਦਭਾਵਨਾਪੂਰਨ ਹੋਂਦ ਦੀ ਇਸ ਮਿਸਾਲ ਨੂੰ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ। ਝਾਰਖੰਡ ਵਿੱਚ ਇੱਕ ਰੇਲਗੱਡੀ ਨੇ ਦੋ ਘੰਟੇ ਉਡੀਕ ਕੀਤੀ ਜਦੋਂ ਇੱਕ ਹਥਨੀ ਨੇ ਬੱਚੇ ਨੂੰ ਜਨਮ ਦਿੱਤਾ। ਹਥਨੀ ਤੇ ਉਸ ਦਾ ਬੱਚਾ ਮਗਰੋਂ ਉਥੋਂ ਖੁਸ਼ੀ ਖੁਸ਼ੀ ਚਲੇ ਗਏ।’’

ਯਾਦਵ ਨੇ ਕਿਹਾ, ‘‘ਕੇਂਦਰੀ ਵਾਤਾਵਰਣ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਨੇ ਦੇਸ਼ ਵਿੱਚ 3,500 ਕਿਲੋਮੀਟਰ ਰੇਲਵੇ ਲਾਈਨਾਂ ਦਾ ਸਰਵੇਖਣ ਕਰਕੇ 110 ਤੋਂ ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਅਜਿਹੇ ਦਿਲ ਨੂੰ ਛੂਹ ਲੈਣ ਵਾਲੇ ਨਤੀਜੇ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਝਾਰਖੰਡ ਦੇ ਜੰਗਲਾਤ ਅਧਿਕਾਰੀਆਂ ਵੱਲੋਂ ਦਿਖਾਈ ਸੰਵੇਦਨਸ਼ੀਲਤਾ ਲਈ ਉਨ੍ਹਾਂ ਦੀ ਵਿਸ਼ੇਸ਼ ਪ੍ਰਸ਼ੰਸਾ, ਜਿਨ੍ਹਾਂ ਹਥਨੀ ਨੂੰ ਆਪਣੇ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ।’’ ਇਕ ਜਾਣਕਾਰੀ ਮੁਤਾਬਕ 2023 ਤੋਂ ਲੈ ਕੇ ਹੁਣ ਤੱਕ ਰੇਲ ਹਾਦਸਿਆਂ ਵਿੱਚ 43 ਹਾਥੀ ਮਾਰੇ ਜਾ ਚੁੱਕੇ ਹਨ।

Share: