INSPACe ਵੱਲੋਂ ਐਲਨ ਮਸਕ ਦੀ Starlink ਨੂੰ ਭਾਰਤ ’ਚ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਦੀ ਖੁੱਲ੍ਹ

INSPACe ਵੱਲੋਂ ਐਲਨ ਮਸਕ ਦੀ Starlink ਨੂੰ ਭਾਰਤ ’ਚ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਦੀ ਖੁੱਲ੍ਹ

ਨਵੀਂ ਦਿੱਲੀ : ਭਾਰਤੀ ਪੁਲਾੜ ਰੈਗੂਲੇਟਰ INSPACe ਨੇ ਐਲਨ ਮਸਕ ਦੀ ਮਾਲਕੀ ਵਾਲੀ ਸਟਾਰਲਿੰਕ ਨੂੰ ਦੇਸ਼ ਵਿਚ ਪੁਲਾੜ ਅਧਾਰਿਤ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਲਈ ਲਾਇਸੈਂਸ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੁਲਾੜ ਸੈਕਟਰ ਦੇ ਰੈਗੂਲੇਟਰ ਨੇ ਇਕ ਬਿਆਨ ਵਿਚ ਕਿਹਾ, ‘‘ਇੰਡੀਅਨ ਨੈਸ਼ਨਲ ਸਪੇਸ ਆਥੋਰਾਈਜ਼ੇਸ਼ਨ ਤੇ ਪ੍ਰਮੋਸ਼ਨ ਸੈਂਟਰ (INSPACe) ਨੇ ਮੈਸਰਜ਼ ਸਟਾਰਲਿੰਕ ਸੈਟੇਲਾਈਟ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ (SSCPL) ਨੂੰ ਲੋਅ ਅਰਥ ਓਰਬਿਟ ਉਪਗ੍ਰਹਿਆਂ ਦੇ ਸਮੂਹ ਭਾਵ ‘ਸਟਾਰਲਿੰਕ ਜੈਨ 1’ ਦੀ ਵਿਵਸਥਾ ਕਰਨ ਦੀ ਮਨਜ਼ੂਰੀ ਦਿੱਤੀ ਹੈ।’’

ਬਿਆਨ ਵਿਚ ਕਿਹਾ ਕਿ ਇਹ ਪ੍ਰਵਾਨਗੀ, ਮਨਜ਼ੂਰੀ ਮਿਲਣ ਦੀ ਤਰੀਕ (8 ਜੁਲਾਈ) ਤੋਂ ਪੰਜ ਸਾਲਾਂ ਦੇ ਅਰਸੇ ਜਾਂ ਜੈਨ 1 ਤਾਰਾਮੰਡਲ (constellation) ਦੀ ਅਪਰੇਸ਼ਨਲ ਮਿਆਦ ਦੀ ਸਮਾਪਤੀ- ਦੋਵਾਂ ਵਿਚ ਜੋ ਵੀ ਪਹਿਲਾਂ ਹੋਵੇ- ਤੱਕ ਰਹੇਗੀ। ਸੇਵਾਵਾਂ ਨੂੰ ਲਾਗੂ ਕਰਨਾ ਨਿਰਧਾਰਤ ਰੈਗੂਲੇਟਰੀ ਪ੍ਰਬੰਧਾਂ ਅਤੇ ਸਬੰਧਤ ਸਰਕਾਰੀ ਵਿਭਾਗਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ, ਮਨਜ਼ੂਰੀਆਂ ਤੇ ਲਾਇਸੈਂਸਾਂ ’ਤੇ ਨਿਰਭਰ ਕਰੇਗਾ।

ਸਟਾਰਲਿੰਕ ਜੈਨ1 ਤਾਰਾਮੰਡਲ ਇੱਕ ਆਲਮੀ ਤਾਰਾਮੰਡਲ ਹੈ ਜਿਸ ਵਿੱਚ 4,408 ਉਪਗ੍ਰਹਿ 540 ਕਿਲੋਮੀਟਰ ਅਤੇ 570 ਕਿਲੋਮੀਟਰ ਦੀ ਉਚਾਈ ’ਤੇ ਧਰਤੀ ਦੀ ਪਰਿਕਰਮਾ ਕਰ ਰਹੇ ਹਨ, ਅਤੇ ਇਹ ਪੂਰੇ ਭਾਰਤ ਵਿਚ ਕਰੀਬ 600-GBPS ਦੀ ਸਪੀਡ ਪ੍ਰਦਾਨ ਕਰਨ ਦੇ ਸਮਰੱਥ ਹੈ। ਸਟਾਰਲਿੰਕ ਵਪਾਰਕ ਸੰਚਾਲਨ ਸ਼ੁਰੂ ਕਰਨ ਲਈ 2022 ਤੋਂ ਭਾਰਤੀ ਬਾਜ਼ਾਰ ’ਤੇ ਨਜ਼ਰ ਰੱਖ ਰਿਹਾ ਸੀ।

ਪਿਛਲੇ ਮਹੀਨੇ ਸਟਾਰਲਿੰਕ Eutelsat ਵਨਵੈੱਬ ਅਤੇ ਜੀਓ ਸੈਟੇਲਾਈਟ ਕਮਿਊਨੀਕੇਸ਼ਨਜ਼ ਤੋਂ ਬਾਅਦ ਤੀਜੀ ਕੰਪਨੀ ਬਣ ਗਈ ਹੈ ਜਿਸ ਨੇ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਲਈ ਦੂਰਸੰਚਾਰ ਵਿਭਾਗ ਤੋਂ ਲਾਇਸੈਂਸ ਮਿਲਿਆ ਹੈ।

Share: