Ahmedabad plane crash ਬਾਰੇ ਮੁੱਢਲੀ ਰਿਪੋਰਟ ਇਸ ਹਫ਼ਤੇ ਕੀਤੀ ਜਾਵੇਗੀ ਜਨਤਕ: ਏਏਆਈਬੀ

Ahmedabad plane crash ਬਾਰੇ ਮੁੱਢਲੀ ਰਿਪੋਰਟ ਇਸ ਹਫ਼ਤੇ ਕੀਤੀ ਜਾਵੇਗੀ ਜਨਤਕ: ਏਏਆਈਬੀ

ਨਵੀਂ ਦਿੱਲੀ : ਜਹਾਜ਼ ਹਾਦਸੇ ਦੀ ਜਾਂਚ ਬਾਰੇ ਬਿਊਰੋ (AAIB) ਅਹਿਮਦਾਬਾਦ ਵਿਚ ਪਿਛਲੇ ਮਹੀਨੇ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਇਸ ਹਫ਼ਤੇ ਜਨਤਕ ਕਰੇਗੀ। ਬਿਊਰੋ ਦੇ ਸਿਖਰਲੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸੰਸਦੀ ਕਮੇਟੀ ਨੂੰ ਦਿੱਤੀ ਹੈ। ਹਾਦਸੇ ਵਿਚ 260 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਰਿਪੋਰਟ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਤੇ ਭਾਰਤ ਵਿਚ ਹੁਣ ਤੱਕ ਦੇ ਸਭ ਤੋਂ ਭਿਆਨਕ ਹਵਾਈ ਹਾਦਸੇ ਦੀ ਜਾਂਚ ਅਜੇ ਜਾਰੀ ਹੈ। ਏਏਆਈਬੀ ਅਧਿਕਾਰੀਆਂ ਨੇ ਕਮੇਟੀ ਨੂੰ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਤੇ ਵੁਆਇਸ ਰਿਕਾਰਡਰ ਬਿਲਕੁਲ ਠੀਕ ਹਨ ਤੇ ਇਸ ਵਿਚਲੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਵਿਸਤਰਤ ਤੇ ਮੁਕੰਮਲ ਜਾਂਚ ਲਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਸਣੇ ਹੋਰਨਾਂ ਵਿਦੇਸ਼ੀ ਭਾਈਵਾਲਾਂ ਦੀ ਮਦਦ ਲਈ ਜਾ ਰਹੀ ਹੈ।

ਏੇਏਆਈਬੀ ਨੇ ਹਾਦਸੇ ਤੋਂ ਇਕ ਦਿਨ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਆਲਮੀ ਪੱਧਰ ’ਤੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਆਪਣੇ ਡਾਇਰੈਕਟਰ ਜਨਰਲ ਜੀਵੀਜੀ ਯੁਗਾਂਧਰ ਦੀ ਅਗਵਾਈ ਵਿੱਚ ਬਹੁ-ਅਨੁਸ਼ਾਸਨੀ ਟੀਮ ਦਾ ਗਠਨ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਇੰਨੀ ਮਹੱਤਵਪੂਰਨ ਜਾਂਚ ਹੋ ਰਹੀ ਹੈ। ਏਏਆਈਬੀ ਮੁਖੀ ਨੇ ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਦਿਨ ਭਰ ਚੱਲੀ ਮੀਟਿੰਗ ਦੌਰਾਨ ਇਸ ਭਿਆਨਕ ਜਹਾਜ਼ ਹਾਦਸੇ ਬਾਰੇ ਕਈ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਹ ਸੰਸਦੀ ਕਮੇਟੀ ਸ਼ਹਿਰੀ ਹਵਾਬਾਜ਼ੀ ਸੈਕਟਰ ਦੇ ਕੰਮਕਾਜ ਦੀ ਨਿਗਰਾਨੀ ਵੀ ਕਰਦੀ ਹੈ।

ਜੇਡੀਯੂ ਸੰਸਦ ਮੈਂਬਰ ਸੰਜੈ ਝਾਅ ਦੀ ਪ੍ਰਧਾਨਗੀ ਹੇਠ ਪੈਨਲ ਦੀ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਦੇ ਕਰੀਬ ਸਮਾਪਤ ਹੋਈ। ਬੈਠਕ ਦੌਰਾਨ ਦੇਸ਼ ਦੀਆਂ ਸਾਰੀਆਂ ਏਅਰਲਾਈਨਾਂ ਦੇ ਮੁਖੀਆਂ ਨੇ ਹਵਾਈ ਸੁਰੱਖਿਆ ਬਾਰੇ ਪੇਸ਼ਕਾਰੀ ਦਿੱਤੀ। ਕਮੇਟੀ ਵਿੱਚ ਕਈ ਪਾਰਟੀਆਂ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਜੀਵ ਪ੍ਰਤਾਪ ਰੂਡੀ, ਕਾਂਗਰਸ ਦੀ ਕੁਮਾਰੀ ਸ਼ੈਲਜਾ, ਨੀਰਜ ਡਾਂਗੀ ਅਤੇ ਇਮਰਾਨ ਪ੍ਰਤਾਪਗੜ੍ਹੀ ਅਤੇ ਭਾਜਪਾ ਦੇ ਸੁਰੇਂਦਰ ਸਿੰਘ ਨਾਗਰ ਅਤੇ ਤਾਪੀਰ ਗਾਓ ਸ਼ਾਮਲ ਹਨ।

ਚੇਤੇ ਰਹੇ ਕਿ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਸੀ। ਉਡਾਣ AI 171 ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਮੈਡੀਕਲ ਹੋਸਟਲ ਕੰਪਲੈਕਸ ਵਿੱਚ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿਚ ਘੱਟੋ-ਘੱਟ 260 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜਹਾਜ਼ ਵਿੱਚ ਸਵਾਰ 241 ਵਿਅਕਤੀ ਵੀ ਸ਼ਾਮਲ ਸਨ। ਇੱਕ ਯਾਤਰੀ ਚਮਤਕਾਰੀ ਢੰਗ ਨਾਲ ਹਾਦਸੇ ਵਿਚ ਬਚ ਗਿਆ। ਹਾਲਾਂਕਿ ਸ਼ੁਰੂਆਤੀ ਰਿਪੋਰਟ ਦੀ ਸੰਭਾਵਿਤ ਸਮਾਂ-ਸੀਮਾ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ, ਪਰ AAIB ਦੇ ਉੱਚ ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਨੂੰ ਇਸ ਹਫ਼ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਤਹਿਤ AAIB ਹਾਦਸੇ ਦੇ 30 ਦਿਨਾਂ ਅੰਦਰ ਇੱਕ ਸ਼ੁਰੂਆਤੀ ਰਿਪੋਰਟ ਦਾਖ਼ਲ ਕਰ ਸਕਦਾ ਹੈ।

ਸੰਸਦੀ ਕਮੇਟੀ ਦੇ ਮੈਂਬਰਾਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨੂੰ ਲੈ ਕੇ ਸਰਕਾਰੀ ਏਜੰਸੀਆਂ ਅਤੇ ਨਿੱਜੀ ਏਅਰਲਾਈਨਾਂ ’ਤੇ ਸਵਾਲ ਉਠਾਏ। ਸੁਰੱਖਿਆ ਦਾ ਮੁੱਦਾ ਪਿਛਲੇ ਮਹੀਨੇ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਤੇਜ਼ੀ ਨਾਲ ਚਰਚਾ ਵਿੱਚ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅਹਿਮਦਾਬਾਦ ਹਾਦਸੇ ਤੋਂ ਬਾਅਦ ਭਾਰਤ ਵਿੱਚ ਘਰੇਲੂ ਏਅਰਲਾਈਨ ਟਰੈਫਿਕ ਵਿੱਚ ਅੱਠ ਪ੍ਰਤੀਸ਼ਤ ਤੋਂ ਵੱਧ ਅਤੇ ਕੌਮਾਂਤਰੀ ਟ੍ਰੈਫਿਕ ਵਿੱਚ ਇੱਕ ਪ੍ਰਤੀਸ਼ਤ ਤੋਂ ਘੱਟ ਦੀ ਗਿਰਾਵਟ ਆਈ ਹੈ।

ਮੀਟਿੰਗ ਵਿਚ ਏਅਰ ਇੰਡੀਆ ਦੇ ਸੀਈਓ ਅਤੇ ਐੱਮਡੀ ਕੈਂਪਬੈਲ ਵਿਲਸਨ ਤੇ ਹੋਰ ਭਾਈਵਾਲਾਂ ਤੋਂ ਇਲਾਵਾ ਏਅਰਲਾਈਨਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਧਿਕਾਰੀ ਮੰਗਲਵਾਰ ਨੂੰ ਹੋਈ ਇੱਕ ਹੋਰ ਸੰਸਦੀ ਕਮੇਟੀ ਦੀ ਮੀਟਿੰਗ ਦਾ ਹਿੱਸਾ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 26 ਜੂਨ ਨੂੰ ਕਿਹਾ ਸੀ ਕਿ AAIB ਨੇ ਜਾਂਚ ਸ਼ੁਰੂ ਕੀਤੀ ਹੈ ਅਤੇ 13 ਜੂਨ ਨੂੰ ਨਿਰਧਾਰਿਤ ਮਾਪਦੰਡਾਂ ਮੁਤਾਬਕ AAIB ਮੁਖੀ ਦੀ ਅਗਵਾਈ ਵਿੱਚ ਬਹੁ-ਅਨੁਸ਼ਾਸਨੀ ਟੀਮ ਦਾ ਗਠਨ ਕੀਤਾ ਗਿਆ ਹੈ।

AAIBਟੀਮ ਵਿੱਚ ਹਵਾਬਾਜ਼ੀ ਮੈਡੀਸਨ ਮਾਹਰ, ਇੱਕ ਹਵਾਈ ਆਵਾਜਾਈ ਨਿਯੰਤਰਣ (ATC) ਅਧਿਕਾਰੀ, ਅਤੇ ਯੂਐਸ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਪ੍ਰਤੀਨਿਧੀ ਸ਼ਾਮਲ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਾਲੀ ਇੱਕ ਉੱਚ-ਪੱਧਰੀ ਬਹੁ-ਅਨੁਸ਼ਾਸਨੀ ਕਮੇਟੀ, ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਆਪਕ ਦਿਸ਼ਾ-ਨਿਰਦੇਸ਼ ਵੀ ਸੁਝਾਏਗੀ।

Share: