ਹਮਦਰਦੀ ਹਾਸਲ ਕਰਨ ਲਈ ਆਸ਼ੂ ਨੇ ਸਾਜ਼ਿਸ਼ ਰਚੀ: ਸੌਂਦ

ਲੁਧਿਆਣਾ : ਵਿਜੀਲੈਂਸ ਦੇ ਐੱਸਐੱਸਪੀ ਦੀ ਮੁਅੱਤਲੀ ਤੋਂ ਬਾਅਦ ਹਲਕਾ ਪੱਛਮੀ ਦੀ ਜ਼ਿਮਨੀ ਚੋਣ ’ਚ ਸਿਆਸਤ ਭਖ਼ ਗਈ ਹੈ। ‘ਆਪ’ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਰਾਜਨੀਤਿਕ ਹਮਦਰਦੀ ਹਾਸਲ ਕਰਨ ਲਈ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੇ ਸਾਜ਼ਿਸ਼ ਰਚੀ ਸੀ। ‘ਆਪ’ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਮੰਤਰੀ ਸੌਂਦ ਨੇ ਕਿਹਾ, ‘ਭਾਰਤ ਭੂਸ਼ਣ ਆਸ਼ੂ ਵਿਰੁੱਧ ਜਾਰੀ ਕੀਤਾ ਗਿਆ ਵਿਜੀਲੈਂਸ ਨੋਟਿਸ ਆਸ਼ੂ ਵੱਲੋਂ ਖ਼ੁਦ ਰਚੀ ਗਈ ਇਕ ਸਾਜ਼ਿਸ਼ ਦਾ ਹਿੱਸਾ ਸੀ।’ ਉਨ੍ਹਾਂ ਕਿਹਾ ਕਿ ਜਾਂਚ ਕਰਨ ’ਤੇ ਪਤਾ ਲੱਗਾ ਹੈ ਕਿ ਨੋਟਿਸ ਜਾਰੀ ਕਰਨ ਵਾਲਾ ਵਿਜੀਲੈਂਸ ਦਾ ਐੱਸਐੱਸਪੀ ਆਸ਼ੂ ਦਾ ਸਾਬਕਾ ਸਹਿਪਾਠੀ ਅਤੇ ਕਰੀਬੀ ਦੋਸਤ ਸੀ। ਮੰਤਰੀ ਨੇ ਖ਼ੁਲਾਸਾ ਕੀਤਾ ਹੈ ਕਿ ਆਸ਼ੂ ਨੇ ਨੋਟਿਸ ਜਾਰੀ ਕਰਨ ਲਈ ਆਪਣੇ ਸਬੰਧਾਂ ਦੀ ਦੁਰਵਰਤੋਂ ਕੀਤੀ, ਜਿਸ ਦਾ ਉਦੇਸ਼ ਖ਼ੁਦ ਨੂੰ ਪੀੜਤ ਵਜੋਂ ਪੇਸ਼ ਕਰਨਾ ਅਤੇ ਸਕੂਲ ਜ਼ਮੀਨ ਘਪਲੇ ਵਿੱਚ ਕਥਿਤ ਬਹੁ-ਕਰੋੜੀ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣਾ ਸੀ।

Share: