ਟਰੰਪ ਦਾ ਫ਼ੌਜੀ ਦਖ਼ਲ ਲੋਕਤੰਤਰ ’ਤੇ ਹਮਲਾ ਕਰਾਰ

ਟਰੰਪ ਦਾ ਫ਼ੌਜੀ ਦਖ਼ਲ ਲੋਕਤੰਤਰ ’ਤੇ ਹਮਲਾ ਕਰਾਰ

ਲਾਸ ਏਂਜਲਸ : ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕੀ ਜੀਵਨ ਸ਼ੈਲੀ ਲਈ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ ’ਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਦੀ ਨਫ਼ਰੀ ਵਧਾਉਣਾ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਸਿਰਫ਼ ਯਤਨ ਨਹੀਂ, ਸਗੋਂ ਲੋਕਤੰਤਰ ’ਤੇ ਹਮਲਾ ਹੈ। ਉਧਰ, ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਦਾਇਰਾ ਹੁਣ ਪੂਰੇ ਅਮਰੀਕਾ ਵਿੱਚ ਫੈਲ ਰਿਹਾ ਹੈ ਅਤੇ ਇਸ ਹਫ਼ਤੇ ਹੋਰ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਟਰੰਪ ਨੇ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਨੂੰ ਬੁਲਾਇਆ ਹੈ।

ਨਿਊਸਮ ਨੇ ਟਰੰਪ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਵਿੱਚ ‘ਫੌਜੀ ਜਾਲ’ ਵਿਛਾ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਇਹ ਯੋਜਨਾਬੱਧ ‘ਜੰਗ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਮਾਜ ਦੀ ਨੀਂਹ ਉਖਾੜਨਾ ਅਤੇ ਸ਼ਕਤੀ ਨੂੰ ਵ੍ਹਾਈਟ ਹਾਊਸ ਅਧੀਨ ਕੇਂਦਰਿਤ ਕਰਨਾ ਹੈ। ਨਿਊਸਮ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸੂਬਿਆਂ ’ਚ ਵੀ ਫੌਜ ਸੱਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਤੇ ਸਾਡੀਆਂ ਅੱਖਾਂ ਸਾਹਮਣੇ ਹਮਲਾ ਹੋ ਰਿਹਾ ਹੈ, ਜਿਸ ਪਲ ਦਾ ਸਾਨੂੰ ਡਰ ਸੀ, ਉਹ ਆ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿਆਟਲ ਤੇ ਔਸਟਿਨ ਤੋਂ ਲੈ ਕੇ ਸ਼ਿਕਾਗੋ ਤੇ ਵਾਸ਼ਿੰਗਟਨ ਡੀਸੀ ਤੱਕ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Share: