ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਕਸ਼ਮੀਰ ਲਈ ਨਵੀਂ ਰੇਲ ਸੇਵਾ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਲਾਭ ਪਹੁੰਚਾਏਗੀ। ਰੇਲਗੱਡੀ ’ਤੇ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿ ਮੈਂ ਅੱਜ ਇਸ ਰੇਲਗੱਡੀ ਰਾਹੀਂ ਕਟੜਾ ਜਾ ਰਿਹਾ ਹਾਂ। ਇਹ ਸਾਡੇ ਲਈ ਸਭ ਤੋਂ ਵੱਡਾ ਫਾਇਦਾ ਰਿਹਾ ਹੈ।’’
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਨ ਵਾਲੀ ਰੇਲਗੱਡੀ ਘਾਟੀ ਦੇ ਲੋਕਾਂ ਲਈ ਇੱਕ ਭਰੋਸੇਯੋਗ ਆਵਾਜਾਈ ਲਿੰਕ ਹੋਵੇਗੀ। ਉਨ੍ਹਾਂ ਕਿਹਾ ਕਿ (ਸ਼੍ਰੀਨਗਰ ਅਤੇ ਜੰਮੂ ਵਿਚਕਾਰ) ਸੜਕ ਕਈ ਵਾਰ ਬੰਦ ਹੋ ਜਾਂਦੀ ਹੈ ਅਤੇ ਏਅਰਲਾਈਨਾਂ ਕੀਮਤਾਂ ਵਧਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੀਆਂ ਹਨ, ਪਰ ਇਸ ਰੇਲਗੱਡੀ ਨਾਲ ਲੋਕ ਇਸ ਤੋਂ ਬਚ ਜਾਣਗੇ। ਅਬਦੁੱਲਾ ਨੇ ਕਿਹਾ ਕਿ ਰੇਲਵੇ ਲਿੰਕ ਕਸ਼ਮੀਰ ਵਿੱਚ ਬਾਗਬਾਨੀ ਖੇਤਰ ਲਈ ਵੀ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਉਪਜ ਤੇਜ਼ੀ ਨਾਲ ਬਾਜ਼ਾਰਾਂ ਤੱਕ ਪਹੁੰਚੇਗੀ।