ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਧਾਂਦਲੀ ਦਾ ਦੋਸ਼ ਲਾਉਣ ਵਾਲੇ ਆਪਣੇ ਲੇਖ ’ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਜਾਣ ਤੋਂ ਇੱਕ ਦਿਨ ਬਾਅਦ ਕਮਿਸ਼ਨ ਦੇ ਸੂਤਰਾਂ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਤਾਂ ਹੀ ਜਵਾਬ ਦੇਵੇਗਾ ਜਦੋਂ ਵਿਰੋਧੀ ਧਿਰ ਦੇ ਨੇਤਾ ਉਸ ਨੂੰ ਸਿੱਧਾ ਪੱਤਰ ਲਿਖਣਗੇ। ਸੂਤਰਾਂ ਨੇ ਨਾਲ ਹੀ ਕਿਹਾ ਕਿ ਆਪਣੀ ਸੰਪਰਕ ਮੁਹਿੰਮ ਤਹਿਤ ਚੋਣ ਕਮਿਸ਼ਨ ਨੇ ਸਾਰੀਆਂ ਛੇ ਕੌਮੀ ਪਾਰਟੀਆਂ ਨਾਲ ਵੱਖ ਵੱਖ ਗੱਲਬਾਤ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ ਜਦਕਿ ਪੰਜ ਹੋਰ ਪਾਰਟੀਆਂ ਨੇ ਕਮਿਸ਼ਨ ਦੇ ਸਿਖਰਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਪਰ ਕਾਂਗਰਸ ਨੇ 15 ਮਈ ਦੀ ਮੀਟਿੰਗ ਰੱਦ ਕਰ ਦਿੱਤੀ ਸੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ’ਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਧਾਂਦਲੀ ਦੇ ਦੋਸ਼ਾਂ ਨੂੰ ਚੋਣ ਕਮਿਸ਼ਨ ਦੇ ਸੂਤਰਾਂ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਉਸ ’ਤੇ ਜਵਾਬੀ ਹਮਲਾ ਕਰਦਿਆਂ ਬੀਤੇ ਦਿਨ ਕਿਹਾ ਸੀ ਕਿ ਉਸ ਦੀ ਭਰੋਸੇਯੋਗਤਾ ਗੱਲ ਲੁਕਾਉਣ ਨਾਲ ਨਹੀਂ ਬਲਕਿ ਸੱਚ ਬੋਲਣ ਨਾਲ ਬਚੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨ ਦੋ ਅਖ਼ਬਾਰਾਂ ’ਚ ਲੇਖ ਲਿਖ ਕੇ ਦੋਸ਼ ਲਾਇਆ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਲੋਕਤੰਤਰ ’ਚ ਧਾਂਦਲੀ ਦਾ ਬਲੂ ਪ੍ਰਿੰਟ’ ਸਨ। ਉਨ੍ਹਾਂ ਕਿਹਾ ਸੀ ਕਿ ਇਹ ‘ਮੈਚ ਫਿਕਸਿੰਗ’ ਹੁਣ ਬਿਹਾਰ ’ਚ ਵੀ ਦੁਹਰਾਈ ਜਾਵੇਗੀ ਅਤੇ ਫਿਰ ਉਨ੍ਹਾਂ ਥਾਵਾਂ ’ਤੇ ਵੀ ਅਜਿਹਾ ਕੀਤਾ ਜਾਵੇਗਾ ਜਿੱਥੇ-ਜਿੱਥੇ ਭਾਜਪਾ ਹਾਰ ਰਹੀ ਹੋਵੇਗੀ। ਗਾਂਧੀ ਵੱਲੋਂ ਮਹਾਰਾਸ਼ਟਰ ਦੇ ਵੋਟਿੰਗ ਕੇਂਦਰਾਂ ਦੀ ਸੀਸੀਟੀਵੀ ਫੁਟੇਜ ਮੰਗੇ ਜਾਣ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪਟੀਸ਼ਨ ਦਾਇਰ ਹੋਣ ’ਤੇ ਵੋਟਿੰਗ ਕੇਂਦਰਾਂ ਦੀ ਫੁਟੇਜ ਦੀ ਜਾਂਚ ਸਮਰੱਥ ਹਾਈ ਕੋਰਟ ਹੀ ਕਰ ਸਕਦਾ ਹੈ। -ਪੀਟੀਆਈ
ਰਾਹੁਲ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ: ਸੂਲੇ