ਮੈਨੂੰ ਗਲਤ ਸਮਝਿਆ ਗਿਆ ਹੈ: ਕਮਲ ਹਾਸਨ

ਮੈਨੂੰ ਗਲਤ ਸਮਝਿਆ ਗਿਆ ਹੈ: ਕਮਲ ਹਾਸਨ

ਬੰਗਲੁਰੂ : ਅਦਾਕਾਰ ਕਮਲ ਹਾਸਨ ਨੇ ਅੱਜ ਕਿਹਾ ਕਿ ‘ਠੱਗ ਲਾਈਫ’ ਦੇ ਆਡੀਓ ਲਾਂਚ ਸਮਾਗਮ ਵਿੱਚ ਉਨ੍ਹਾਂ ਦੇ ਕੰਨੜ ਭਾਸ਼ਾ ਸਬੰਧੀ ਹਾਲੀਆ ਬਿਆਨ ਨੂੰ ਗਲਤ ਸਮਝਿਆ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੰਨੜ ਭਾਸ਼ਾ ਲਈ ਉਨ੍ਹਾਂ ਦਾ ਪਿਆਰ ਸੱਚਾ ਹੈ। ਉੱਘੇ ਅਦਾਕਾਰ ਨੇ ਕਰਨਾਟਕ ਫਿਲਮ ਚੈਂਬਰ ਆਫ਼ ਕਾਮਰਸ (ਕੇਐੱਫਸੀਸੀ) ਨੂੰ ਪੱਤਰ ਲਿਖਦਿਆਂ ਫਿਲਮ ਸੰਸਥਾ ਦੀ ਚਿੰਤਾ ਨੂੰ ਸਵੀਕਾਰ ਕਰਦਿਆਂ ਕਿਹਾ, ‘ਮੈਨੂੰ ਦੁੱਖ ਪਹੁੰਚਿਆ ਹੈ ਕਿ ‘ਠੱਗ ਲਾਈਫ’ ਆਡੀਓ ਲਾਂਚ ’ਤੇ ਮੇਰੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਮੇਰਾ ਇਰਾਦਾ ਸਿਰਫ਼ ਇਹ ਦੱਸਣਾ ਸੀ ਕਿ ਅਸੀਂ ਸਾਰੇ ਇੱਕ ਹਾਂ ਅਤੇ ਇੱਕੋ (ਭਾਸ਼ਾਈ) ਪਰਿਵਾਰ ਤੋਂ ਹਾਂ ਅਤੇ ਮੇਰਾ ਮਤਲਬ ਕੰਨੜ ਭਾਸ਼ਾ ਨੂੰ ਕਿਸੇ ਵੀ ਤਰੀਕੇ ਨਾਲ ਨੀਵਾਂ ਦਿਖਾਉਣਾ ਨਹੀਂ ਸੀ। ਕੰਨੜ ਭਾਸ਼ਾ ਦੀ ਅਮੀਰ ਵਿਰਾਸਤ ’ਤੇ ਕੋਈ ਵਿਵਾਦ ਜਾਂ ਬਹਿਸ ਨਹੀਂ ਹੈ ਤੇ ਉਹ ਇਹ ਪੱਤਰ ਕਰਨਾਟਕ ਦੇ ਲੋਕਾਂ ਲਈ ਡੂੰਘੇ ਸਤਿਕਾਰ ਵਜੋਂ ਲਿਖ ਰਹੇ ਹਨ।’

ਕੇਐੱਫਸੀਸੀ ਦੇ ਪ੍ਰਧਾਨ ਐਮ ਨਰਸਿਮਹਾਲੂ ਨੇ ਕਿਹਾ, ‘ਮਾਮਲਾ ਹੁਣ ਅਦਾਲਤ ਵਿੱਚ ਹੈ। ਅਸੀਂ ਉਹੀ ਕਰਾਂਗੇ ਜੋ ਅਦਾਲਤ ਸਾਨੂੰ ਕਰਨ ਲਈ ਕਹੇਗੀ।’ ਜ਼ਿਕਰਯੋਗ ਹੈ ਕਿ ਇਸ ਮਾਮਲੇ ’ਤੇ ਕਰਨਾਟਕ ਹਾਈ ਕੋਰਟ ਨੇ ਕਮਲ ਹਾਸਨ ਦੀ ਖਿਚਾਈ ਕਰਦਿਆਂ ਕਿਹਾ ਸੀ ਕਿ ਉਸ ਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ।

Share: