ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪੰਥ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇੱਕ ਨਿਸ਼ਾਨ ਹੇਠਾਂ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ’ਤੇ ਪੂਰਨ ਭਰੋਸਾ ਸੀ ਕਿ ਇਹ ਸਮਾਗਮ ਸ਼ਾਂਤੀ ਪੂਰਵਕ ਹੋਵੇਗਾ ਅਤੇ ਕੋਈ ਵੀ ਜਥੇਬੰਦੀ ਇਸ ਵਿੱਚ ਅੜਿੱਕਾ ਪੈਦਾ ਨਹੀਂ ਕਰੇਗੀ। ਗੁਰੂ ਦੇ ਭਰੋਸੇ ਮੁਤਾਬਕ ਹੀ ਸਾਰਾ ਸਮਾਗਮ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਭਵਿੱਖ ਵਿੱਚ ਉਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਵੀ ਉਨ੍ਹਾਂ ਨੂੰ ਮਾਨਤਾ ਦੇਣਗੀਆਂ ਅਤੇ ਸਿਰੋਪਾਓ ਵੀ ਭੇਟ ਕਰਨਗੀਆਂ।