ਰਾਹਤ ਸਮੱਗਰੀ ਲੈਣ ਵਾਲਿਆਂ ’ਤੇ ਗੋਲੀਬਾਰੀ, 36 ਹਲਾਕ

ਰਾਹਤ ਸਮੱਗਰੀ ਲੈਣ ਵਾਲਿਆਂ ’ਤੇ ਗੋਲੀਬਾਰੀ, 36 ਹਲਾਕ

ਦੀਰ ਅਲ ਬਲਾਹ (ਗਾਜ਼ਾ ਪੱਟੀ) : ਗਾਜ਼ਾ ਵਿੱਚ ਸਹਾਇਤਾ ਸਮੱਗਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਫਲਸਤੀਨੀਆਂ ’ਤੇ ਮੁੜ ਤੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ 36 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 207 ਹੋਰ ਜ਼ਖ਼ਮੀ ਹੋ ਗਏ। ਫਲਸਤੀਨ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ।

ਮਾਹਿਰਾਂ ਅਤੇ ਮਨੁੱਖੀ ਸਹਾਇਤਾ ਕਾਰਕੁਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਨਾਕਾਬੰਦੀ ਅਤੇ 20 ਮਹੀਨਿਆਂ ਦੇ ਫੌਜੀ ਸੰਘਰਸ਼ ਨੇ ਗਾਜ਼ਾ ਨੂੰ ਭੁੱਖਮਰੀ ਕੰਢੇ ਪਹੁੰਚਾ ਦਿੱਤਾ ਹੈ। ਇਜ਼ਰਾਇਲੀ ਅਤੇ ਅਮਰੀਕੀ ਸਮਰਥਨ ਵਾਲੇ ‘ਗਾਜ਼ਾ ਹਿਊਮੈਨੀਟੇਰੀਅਨ ਫਾਊਂਡੇਸ਼ਨ’ ਵੱਲੋਂ ਚਲਾਏ ਜਾਂਦੇ ਸਹਾਇਤਾ ਵੰਡ ਕੇਂਦਰਾਂ ਕੋਲ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 163 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1495 ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਇਜ਼ਰਾਇਲੀ ਫੌਜ ਨੇ ਪਹਿਲਾਂ ਉਨ੍ਹਾਂ ਲੋਕਾਂ ’ਤੇ ਚਿਤਾਵਨੀ ਵਜੋਂ ਗੋਲੀਆਂ ਚਲਾਉਣ ਦੀ ਗੱਲ ਸਵੀਕਾਰ ਕੀਤੀ ਹੈ, ਜੋ ਕਿ ਉਸ ਮੁਤਾਬਕ ਸ਼ੱਕੀ ਢੰਗ ਨਾਲ ਉਸ ਦੀ ਫੌਜ ਵੱਲ ਵਧ ਰਹੇ ਸਨ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਵੰਡ ਕੇਂਦਰਾਂ ਵਿੱਚ ਜਾਂ ਉਸ ਦੇ ਆਸ-ਪਾਸ ਕੋਈ ਹਿੰਸਾ ਨਹੀਂ ਹੋਈ ਹੈ ਪਰ ਇਸ ਨੇ ਲੋਕਾਂ ਨੂੰ ਨਿਰਧਾਰਿਤ ਪਹੁੰਚ ਮਾਰਗਾਂ ’ਤੇ ਹੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਨਾਸੇਰ ਹਸਪਤਾਲ ਮੁਤਾਬਕ, ਦੱਖਣੀ ਗਾਜ਼ਾ ਵਿੱਚ ਰਾਫ਼ਾਹ ਦੇ ਆਸ-ਪਾਸ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ। ਅਲ-ਅਵਦਾ ਹਸਪਤਾਲ ਦੇ ਤਰਜਮਾਨ ਨਾਦੇਰ ਗਰਗੂਨ ਮੁਤਾਬਕ, ਉੱਤਰੀ ਗਾਜ਼ਾ ਵਿੱਚ ਮੰਗਲਵਾਰ ਨੂੰ ਦੋ ਪੁਰਸ਼ ਅਤੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 130 ਵਿਅਕਤੀ ਜ਼ਖ਼ਮੀ ਹੋ ਗਏ। ਜ਼ਿਆਦਾਤਰ ਲੋਕਾਂ ਨੂੰ ਗੋਲੀ ਲੱਗੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਜ਼ਰਾਇਲੀ ਫੌਜ ਨੇ ਮੱਧ ਗਾਜ਼ਾ ਵਿੱਚ ਸਹਾਇਤਾ ਕੇਂਦਰਾਂ ਤੋਂ ਕਈ ਸੌ ਮੀਟਰ ਦੀ ਦੂਰੀ ’ਤੇ ਦੇਰ ਰਾਤ ਕਰੀਬ 2 ਵਜੇ ਗੋਲੀਬਾਰੀ ਕੀਤੀ। ਲੋਕ ਸਹਾਇਤਾ ਸਮੱਗਰੀ ਲੈਣ ਦੀ ਆਸ ਵਿੱਚ ਵੱਡੇ ਤੜਕੇ ਹੀ ਸਮੱਗਰੀ ਵੰਡ ਕੇਂਦਰਾਂ ’ਤੇ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ।

Share: