Canada: ਸਰੀ ਵਿੱਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

Canada: ਸਰੀ ਵਿੱਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਵੈਨਕੂਵਰ : ਸਰੀ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਬੁੱਧਵਾਰ ਬਾਅਦ ਦੁਪਹਿਰ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੇਸ਼ੱਕ ਪੁਲੀਸ ਨੇ ਮਰਨ ਵਾਲੇ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਉਸ ਦੇ ਨੇੜਲੇ ਜਾਣਕਾਰਾਂ ਅਨੁਸਾਰ ਉਹ ਐਬਸਫੋਰਡ ਦਾ ਵਸਨੀਕ ਸਤਵਿੰਦਰ ਸ਼ਰਮਾ ਹੈ, ਜੋ ਲੇਬਰ ਠੇਕੇਦਾਰੀ ਦੇ ਨਾਲ ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ।ਸਰੀ ਪੁਲੀਸ ਅਨੁਸਾਰ ਬਾਅਦ ਦੁਪਹਿਰ 84 ਐਵੇਨਿਊ ਅਤੇ 160 ਸਟਰੀਟ ਸਥਿਤ ਕਾਰੋਬਾਰੀ ਸਥਾਨ ’ਤੇ ਗੋਲੀਆਂ ਚੱਲਣ ਦਾ ਪਤਾ ਲੱਗਦੇ ਹੀ ਪੁਲੀਸ ਤੇ ਐਂਬੂਲੈਂਸ ਮੌਕੇ ’ਤੇ ਪਹੁੰਚੀ ਤਾਂ ਉਹ ਤੜਪ ਰਿਹਾ ਸੀ। ਬਚਾਉਣ ਦੇ ਯਤਨਾਂ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲੀਸ ਅਨੁਸਾਰ ਮਾਮਲਾ ਕਤਲ ਦੀ ਜਾਂਚ ਦਾ ਹੈ, ਜੋ ਅੱਗੇ ਵਿਸ਼ੇਸ਼ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਮੌਜੂਦਾ ਸਾਲ ਦੌਰਾਨ ਸਰੀ ’ਚ ਇਹ ਤੀਜਾ ਕਤਲ ਹੈ।

ਬੇਸ਼ੱਕ ਪੁਲੀਸ ਹੋਰ ਜਾਣਕਾਰੀ ਦੇਣ ਤੋਂ ਅਸਮਰਥ ਹੈ, ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਪਰ ਫਿਰੌਤੀ ਦੇ ਫੋਨ ਆਏ ਸੀ। ਚਾਰ ਕੁ ਦਿਨ ਪਹਿਲਾਂ ਸਰੀ ਵਿਚਲੇ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਫਿਰੌਤੀ ਦੇ ਫੋਨਾਂ ਤੋਂ ਬਾਅਦ ਉਸ ਦੇ ਬੈਂਕੁਏਟ ਹਾਲ ’ਤੇ ਗੋਲੀਆਂ ਚਲਾਈਆਂ ਗਈਆਂ ਸੀ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਮਾਮਲੇ ਵਿੱਚ ਪੁਲੀਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਇਸ ਕਤਲ ਮਗਰੋਂ ਪੰਜਾਬੀ ਕਾਰੋਬਾਰੀ ਦਹਿਸ਼ਤ ਵਿਚ ਹਨ ਤੇ ਉਹ ਖ਼ੁਦ ਨੂੰ ਅਸੁਰੱਖਿਆਤ ਮਹਿਸੂਸ ਕਰਨ ਲੱਗੇ ਹਨ।

Share: