ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਨੂੰ ਰੋਕ ਦਿੱਤਾ ਹੈ। ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਲਈ ਮਦਦ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਸਮਝਾਇਆ ਕਿ ਜੇ ਜੰਗ ਨਾ ਰੋਕੀ ਤਾਂ ਅਮਰੀਕਾ ਵਪਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਜੰਗਬਾਦੀ ਸਥਾਈ ਰਹੇਗੀ। ਦੋਵਾਂ ਦੇਸ਼ਾਂ ਕੋਲ ਬਹੁਤ ਸਾਰੇ ਪਰਮਾਣੂ ਹਥਿਆਰ ਹਨ ਤੇ ਜੇ ਇਹ ਜੰਗ ਨਾ ਰੋਕੀ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਲੱਖਾਂ ਲੋਕ ਮਾਰੇ ਜਾ ਸਕਦੇ ਸਨ। ਟਰੰਪ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਜੇ ਉਹ ਜੰਗ ਰੋਕਦੇ ਹਨ ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਹੋਰ ਵਧਾਏਗਾ ਜੇ ਉਹ ਜੰਗ ਨਹੀਂ ਰੋਕਦੇ ਤਾਂ ਅਮਰੀਕਾ ਵਪਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਦੀ ਲੀਡਰਸ਼ਿਪ ਬਹੁਤ ਮਜ਼ਬੂਤ ਹੈ। ਉਨ੍ਹਾਂ ਕੋਲ ਹਾਲਾਤ ਨੂੰ ਸਮਝਣ ਤੇ ਗੰਭੀਰਤਾ ਨਾਲ ਲੈਣ ਦਾ ਤਜਰਬਾ ਤੇ ਤਾਕਤ ਹੈ। ਸ੍ਰੀ ਟਰੰਪ ਨੇ ਇਸ ਲਈ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦਾ ਧੰਨਵਾਦ ਵੀ ਕੀਤਾ। ਟਰੰਪ ਨੇ ਕਿਹਾ ਕਿ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀ ਜੰਗ ਤੋਂ ਅਜਿਹਾ ਲੱਗ ਰਿਹਾ ਸੀ ਕਿ ਇਹ ਰੁਕਣ ਵਾਲੀ ਨਹੀਂ ਪਰ ਅਮਰੀਕਾ ਨੇ ਇਸ ਵਿਚ ਸਾਲਸੀ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਉਹ ਭਾਰਤ ਨਾਲ ਗੱਲਬਾਤ ਕਰ ਰਹੇ ਹਨ ਤੇ ਜਲਦੀ ਹੀ ਪਾਕਿਸਤਾਨ ਨਾਲ ਵੀ ਗੱਲਬਾਤ ਕਰਨ ਵਾਲੇ ਹਨ।
Posted inNews
ਅਸੀਂ ਭਾਰਤ ਤੇ ਪਾਕਿ ਦਰਮਿਆਨ ਪਰਮਾਣੂ ਜੰਗ ਰੋਕੀ: ਟਰੰਪ
