ਕੀਵ : ਯੂਕਰੇਨ ਨੇ ਸਮੁੰਦਰੀ ਡਰੋਨ ਤੋਂ ਦਾਗੀ ਗਈ ਮਿਜ਼ਾਈਲ ਦੀ ਵਰਤੋਂ ਕਰਕੇ ਇੱਕ ਰੂਸੀ ਐਸਯੂ -30 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਇਹ ਜਾਣਕਾਰੀ ਯੂਕਰੇਨ ਦੀ ਖੁਫੀਆ ਏਜੰਸੀ ਨੇ ਅੱਜ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਦੁਨੀਆ ਦਾ ਪਹਿਲਾ ਜੰਗੀ ਜਹਾਜ਼ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਬਿਆਨ ਵਿਚ ਕਿਹਾ ਕਿ ਇਕ ਲੜਾਕੂ ਜਹਾਜ਼ ਨੂੰ ਕਾਲੇ ਸਾਗਰ ਵਿਚਲੀ ਪ੍ਰਮੁੱਖ ਰੂਸੀ ਬੰਦਰਗਾਹ ਸ਼ਹਿਰ ਨੋਵੋਰੋਸਿਸਕ ਨੇੜੇ ਗਰੁੱਪ 13 ਨਾਮੀ ਫੌਜੀ ਖੁਫੀਆ ਯੂਨਿਟ ਨੇ ਉਡਾ ਦਿੱਤਾ। ਯੂਕਰੇਨ ਨੇ ਪਹਿਲਾਂ ਕਿਹਾ ਸੀ ਕਿ ਉਸਨੇ ਦਸੰਬਰ 2024 ਵਿੱਚ ਉਸੇ ਕਿਸਮ ਦੇ ਸਮੁੰਦਰੀ ਡਰੋਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਦੀ ਵਰਤੋਂ ਕਰਦਿਆਂ ਇੱਕ ਰੂਸੀ ਫੌਜੀ ਹੈਲੀਕਾਪਟਰ ਨੂੰ ਉਡਾ ਦਿੱਤਾ ਸੀ।
ਦੂਜੇ ਪਾਸੇ ਯੂਕਰੇਨੀ ਦਾਅਵੇ ਦੇ ਉਲਟ ਰੂਸੀ ਰੱਖਿਆ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਮੰਤਰਾਲੇ ਦੇ ਨਜ਼ਦੀਕੀ ਮੰਨੇ ਜਾਂਦੇ ਇੱਕ ਅਧਿਕਾਰਤ ਰੂਸੀ ਬਲੌਗਰ ਨੇ ਕਿਹਾ ਕਿ ਜੈੱਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ।