ਭਾਰਤ ਤੇ ਪਾਕਿ ’ਚ ਜੰਗਬੰਦੀ ਵੱਡੀ ਸਫ਼ਲਤਾ, ਜਿਸ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ

ਭਾਰਤ ਤੇ ਪਾਕਿ ’ਚ ਜੰਗਬੰਦੀ ਵੱਡੀ ਸਫ਼ਲਤਾ, ਜਿਸ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ: ਟਰੰਪ

ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨਾਲ ਗੱਲਬਾਤ ਕਰਨਾ ਤੇ ਉਨ੍ਹਾਂ ਨੂੰ ਤਣਾਅ ਦੀ ਕਗਾਰ ਤੋਂ ਵਾਪਸ ਲਿਆਉਣਾ ਉਨ੍ਹਾਂ ਦੀ ‘ਵੱਡੀ ਸਫ਼ਲਤਾ’ ਹੈ, ਜਿਸ ਦਾ ਸਿਹਰਾ ਉਨ੍ਹਾਂ ਨੂੰ ਕਦੇ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ‘ਬਹੁਤ ਨਫ਼ਰਤ’ ਹੈ ਤੇ ਤਣਾਅ ਉਸ ਸਿਖਰ ’ਤੇ ਪਹੁੰਚ ਗਿਆ ਸੀ ਜਿਸ ਦਾ ਅਗਲਾ ਪੜਾਅ ਸੰਭਾਵੀ ਤੌਰ ’ਤੇ ‘ਪ੍ਰਮਾਣੂ’ ਸੀ।

ਟਰੰਪ ਨੇ ਫੌਕਸ ਨਿਊਜ਼ ਨੂੰ ਇਕ ਇੰਟਰਵਿਊ ਵਿਚ ਕਿਹਾ, ‘‘ਇਹ ਬਹੁਤ ਵੱਡੀ ਸਫ਼ਲਤਾ ਹੈ, ਜਿਸ ਦਾ ਸਿਹਰਾ ਸ਼ਾਇਦ ਕਦੇ ਮੇਰੇ ਸਿਰ ਨਾ ਬੱਝੇ। ਇਹ ਦੋਵੇਂ ਪ੍ਰਮੁੱਖ ਪ੍ਰਮਾਣੂ ਤਾਕਤਾਂ ਹਨ। ਉਹ ਕੋਈ ਛੋਟੇ ਮੋਟੇ ਨਹੀਂ, ਉਹ ਬਹੁਤ ਗੁੱਸੇ ਵਿਚ ਸਨ।’’ ਟਰੰਪ ਨੂੰ ਮੱਧ ਪੂਰਬ ਦੀ ਆਪਣੀ ਯਾਤਰਾ ਤੋਂ ਪਹਿਲਾਂ ‘ਵਿਦੇਸ਼ ਨੀਤੀ ਦੀਆਂ ਕੁਝ ਸਫਲਤਾਵਾਂ’ ਬਾਰੇ ਪੁੱਛਿਆ ਗਿਆ ਸੀ।’’

‘ਭਾਰਤ 100% ਟੈਰਿਫ ਘਟਾਉਣ ਲਈ ਤਿਆਰ; ਨਵੀਂ ਦਿੱਲੀ ਨਾਲ ਵਪਾਰ ਸਮਝੌਤਾ ਜਲਦੀ’

ਟਰੰਪ ਨੇ ਕਿਹਾ, ‘‘ਮੈਂ ਵਪਾਰ ਦੀ ਵਰਤੋਂ ਦੋਵਾਂ ਧਿਰਾਂ ਵਿਚ ਸ਼ਾਂਤੀ ਬਣਾਉਣ ਲਈ ਕਰ ਰਿਹਾ ਹਾਂ। ਭਾਰਤ… ਵਿਸ਼ਵ ਦੇ ਸਭ ਤੋਂ ਉੱਚੇ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਅਮਰੀਕਾ ਲਈ ਆਪਣੇ ਟੈਰਿਫਾਂ ਵਿੱਚ 100% ਕਟੌਤੀ ਕਰਨ ਲਈ ਤਿਆਰ ਹਨ?” ਭਾਰਤ ਵੱਲੋਂ ਹਾਲਾਂਕਿ ਇਸ ਮੁੱਦੇ ’ਤੇ ਅਜੇ ਤੱਕ ਅਧਿਕਾਰਤ ਤੌਰ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਨਾਲ ਟੈਰਿਫ ਨੂੰ ਲੈ ਕੇ ਵਪਾਰ ਸਮਝੌਤਾ ਜਲਦੀ ਸਿਰੇ ਚੜ੍ਹ ਰਿਹਾ ਹੈ ਤਾਂ ਟਰੰਪ ਨੇ ਕਿਹਾ, “ਹਾਂ, ਇਹ ਜਲਦੀ ਆਵੇਗਾ। ਮੈਨੂੰ ਕੋਈ ਜਲਦੀ ਨਹੀਂ ਹੈ। ਦੇਖੋ, ਹਰ ਕੋਈ ਸਾਡੇ ਨਾਲ ਸੌਦਾ(ਕਰਾਰ) ਕਰਨਾ ਚਾਹੁੰਦਾ ਹੈ।” ਅਮਰੀਕੀ ਸਦਰ ਨੇ ਕਿਹਾ, ‘‘ਦੱਖਣੀ ਕੋਰੀਆ ਇੱਕ ਸੌਦਾ ਕਰਨਾ ਚਾਹੁੰਦਾ ਹੈ…ਪਰ ਮੈਂ ਹਰ ਕਿਸੇ ਨਾਲ ਸੌਦਾ ਨਹੀਂ ਕਰਨ ਜਾ ਰਿਹਾ। ਮੈਂ ਸਿਰਫ਼ (ਟੈਰਿਫ) ਸੀਮਾ ਨਿਰਧਾਰਿਤ ਕਰਨ ਜਾ ਰਿਹਾ ਹਾਂ। ਮੈਂ ਕੁਝ ਹੋਰ ਸੌਦੇ ਕਰਾਂਗਾ… ਕਿਉਂਕਿ ਮੈਂ ਨਹੀਂ ਕਰ ਸਕਦਾ, ਤੁਸੀਂ ਇੰਨੇ ਸਾਰੇ ਲੋਕਾਂ ਨਾਲ ਨਹੀਂ ਮਿਲ ਸਕਦੇ। ਮੇਰੇ ਕੋਲ 150 ਦੇਸ਼ ਹਨ ਜੋ ਸੌਦਾ ਕਰਨਾ ਚਾਹੁੰਦੇ ਹਨ।’’

Share: