ਲੋਕਾਂ ਨੂੰ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ: ਟਰੰਪ

ਲੋਕਾਂ ਨੂੰ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ: ਟਰੰਪ

ਨਿਊ ਯਾਰਕ/ਵਾਸ਼ਿੰਗਟਨ : ਭਾਰਤ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚਲੇ ਦਹਿਸ਼ਤੀ ਟਿਕਾਣਿਆਂ ’ਤੇ ਬੁੱਧਵਾਰ ਤੜਕੇ ਕੀਤੇ ਫੌਜੀ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਦੁਸ਼ਮਣੀ/ਟਕਰਾਅ “ਬਹੁਤ ਜਲਦੀ” ਖਤਮ ਹੋ ਜਾਵੇਗਾ। ਟਰੰਪ ਨੇ ਕਿਹਾ ਕਿ ਲੋਕਾਂ ਨੂੰ ਪਤਾ ਸੀ ਕਿ ਕੁਝ ਹੋਣ ਵਾਲਾ ਹੈ। ਪਾਕਿਸਤਾਨ ‘ਤੇ ਭਾਰਤੀ ਹਮਲੇ ‘ਤੇ ਟਰੰਪ ਨੇ ਕਿਹਾ, ‘‘ਸਾਨੂੰ ਇਸ ਬਾਰੇ ਹੁਣੇ ਪਤਾ ਲੱਗਾ ਹੈ। ਅਸੀਂ ਇਸ ਬਾਰੇ ਓਵਲ (ਦਫ਼ਤਰ) ਦੇ ਦਰਵਾਜ਼ਿਆਂ ‘ਤੇ ਤੁਰਦੇ ਹੋਏ ਸੁਣਿਆ। ਮੈਨੂੰ ਲੱਗਦਾ ਹੈ ਕਿ ਲੋਕ ਜਾਣਦੇ ਸਨ ਕਿ ਅਜਿਹਾ ਕੁਝ ਹੋਣ ਵਾਲਾ ਹੈ। ਉਹ (ਭਾਰਤ ਤੇ ਪਾਕਿ) ਲੰਬੇ ਸਮੇਂ ਤੋਂ ਲੜ ਰਹੇ ਹਨ। ਉਹ ਕਈ, ਕਈ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ।’’

ਭਾਰਤ ਪਾਕਿਸਤਾਨ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ: ਰੂਬੀਓ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਬਣੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤੇ ਉਮੀਦ ਕਰਦੇ ਹਨ ਕਿ ਇਹ ਟਕਰਾਅ ‘ਜਲਦੀ ਖ਼ਤਮ’ ਹੋ ਜਾਵੇਗਾ। ਰੂਬੀਓ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਮੌਜੂਦਾ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਆਸ ਕਰਦਾ ਹਾਂ ਕਿ ਇਹ ਟਕਰਾਅ ਜਲਦੀ ਖ਼ਤਮ ਹੋ ਜਾਵੇਗਾ ਤੇ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਇਕ ਦੂਜੇ ਨਾਲ ਸੰਵਾਦ ਜਾਰੀ ਰੱਖੇਗੀ।’’ ਇਸ ਤੋਂ ਪਹਿਲਾਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਆਪਣੇ ਅਮਰੀਕੀ ਹਮਰੁਤਬਾ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਤੇ ਕੀਤੇ ਹਵਾਈ ਹਮਲਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ।

Share: