ਟਰੰਪ ਨੇ ਹੁਣ ਵਿਦੇਸ਼ੀ ਫਿਲਮਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ 100% ਟੈਕਸ ਲਾਉਣ ਦੀ ਧਮਕੀ

ਟਰੰਪ ਨੇ ਹੁਣ ਵਿਦੇਸ਼ੀ ਫਿਲਮਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ 100% ਟੈਕਸ ਲਾਉਣ ਦੀ ਧਮਕੀ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਆਪਣੀ ਟੈਰਿਫ ਜੰਗ ਵਿੱਚ ਇੱਕ ਨਵਾਂ ਮੋਰਚਾ ਖੋਲ੍ਹ ਰਹੇ ਹਨ, ਜਿਸ ਤਹਿਤ ਉਨ੍ਹਾਂ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਗੱਲ ਐਤਵਾਰ ਰਾਤ ਨੂੰ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ (Truth Social platform) ‘ਤੇ ਇੱਕ ਪੋਸਟ ਵਿੱਚ ਕਹੀ ਹੈ। ਟਰੰਪ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਨ੍ਹਾਂ ਵਣਜ ਵਿਭਾਗ (Department of Commerce) ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫਤਰ (Office of the US Trade Representative) ਨੂੰ “ਸਾਡੇ ਮੁਲਕ ਵਿੱਚ ਆਉਣ ਵਾਲੀ ਕਿਸੇ ਵੀ ਅਤੇ ਸਾਰੀਆਂ ਫਿਲਮਾਂ, ਜੋ ਵਿਦੇਸ਼ੀ ਧਰਤੀ ਉਤੇ ਬਣੀਆਂ ਹੋਣ, ਉਤੇ 100 ਫ਼ੀਸਦੀ ਟੈਰਿਫ ਲਗਾਉਣ ਦਾ ਅਧਿਕਾਰ ਦਿੱਤਾ ਹੈ।”

ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਹੈ: “ਅਮਰੀਕਾ ਵਿੱਚ ਫਿਲਮ ਸਨਅਤ ਬਹੁਤ ਤੇਜ਼ੀ ਨਾਲ ਮੌਤ ਦੇ ਮੂੰਹ ਜਾ ਰਹੀ ਹੈ।” ਨਾਲ ਹੀ ਉਨ੍ਹਾਂ ਸ਼ਿਕਾਇਤ ਕੀਤੀ ਕਿ ਦੂਜੇ ਮੁਲਕ “ਫਿਲਮ ਨਿਰਮਾਤਾਵਾਂ ਅਤੇ ਸਟੂਡੀਓਜ਼ ਨੂੰ ਅਮਰੀਕਾ ਤੋਂ ਦੂਰ ਖਿੱਚਣ ਲਈ ਹਰ ਤਰ੍ਹਾਂ ਦੀਆਂ ਹੱਲਾਸ਼ੇਰੀਆਂ ਦੀ ਪੇਸ਼ਕਸ਼ ਕਰ ਰਹੇ ਹਨ।”

ਉਂਝ ਇਹ ਫ਼ੌਰੀ ਤੌਰ ’ਤੇ ਸਾਫ਼ ਨਹੀਂ ਹੋ ਸਕਿਆ ਸੀ ਕਿ ਕੌਮਾਂਤਰੀ ਨਿਰਮਾਣ ‘ਤੇ ਅਜਿਹਾ ਕੋਈ ਟੈਰਿਫ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਵੱਡੀਆਂ ਅਤੇ ਛੋਟੀਆਂ ਦੋਵਾਂ ਫਿਲਮਾਂ ਦਾ ਅਮਰੀਕਾ ਅਤੇ ਦੂਜੇ ਦੇਸ਼ਾਂ ਦੋਵਾਂ ਵਿੱਚ ਨਿਰਮਾਣ ਸ਼ਾਮਲ ਕਰਨਾ ਆਮ ਗੱਲ ਹੈ। ਮਸਲਿਨ, ਆਉਣ ਵਾਲੀ “ਮਿਸ਼ਨ: ਇੰਪੌਸੀਬਲ – ਦ ਫਾਈਨਲ ਰਿਕੋਨਿੰਗ” ਵਰਗੀਆਂ ਵੱਡੀਆਂ-ਬਜਟ ਫਿਲਮਾਂ ਦੁਨੀਆ ਭਰ ਵਿੱਚ ਸ਼ੂਟ ਕੀਤੀਆਂ ਜਾਂਦੀਆਂ ਹਨ।

ਸਾਲਾਂ ਤੋਂ ਪ੍ਰੋਤਸਾਹਨ ਪ੍ਰੋਗਰਾਮਾਂ ਨੇ ਫਿਲਮਾਂ ਦੀ ਸ਼ੂਟਿੰਗ ਦੇ ਸਥਾਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਫਿਲਮ ਨਿਰਮਾਣ ਕੈਲੀਫੋਰਨੀਆ ਤੋਂ ਬਾਹਰ ਅਤੇ ਕੈਨੇਡਾ ਤੇ ਯੂਨਾਈਟਿਡ ਕਿੰਗਡਮ ਵਰਗੇ ਅਨੁਕੂਲ ਟੈਕਸ ਹੱਲਾਸ਼ੇਰੀ ਵਾਲੇ ਹੋਰ ਰਾਜਾਂ ਅਤੇ ਦੇਸ਼ਾਂ ਵਿੱਚ ਵਧਦਾ ਜਾ ਰਿਹਾ ਹੈ।

ਗ਼ੌਰਤਲਬ ਹੈ ਕਿ ਚੀਨ ਨੇ ਵੀ ਆਪਣੇ ਘਰੇਲੂ ਫਿਲਮ ਨਿਰਮਾਣ ਨੂੰ ਵਧਾ ਦਿੱਤਾ ਹੈ, ਜਿਸਦੇ ਨਤੀਜੇ ਵਜੋਂ ਐਨੀਮੇਟਿਡ ਬਲਾਕਬਸਟਰ “ਨੇ ਜ਼ਾ 2” (Ne Zha 2) ਨੇ ਇਸ ਸਾਲ 2 ਅਰਬ ਤੋਂ ਵੱਧ ਅਮਰੀਕੀ ਡਾਲਰ ਦੀ ਕਮਾਈ ਕੀਤੀ। ਪਰ ਫਿਰ ਗੱਲ ਵੀ ਹੈ ਕਿ ਇਸ ਨੇ ਇਹ ਕਮਾਈ ਮੁੱਖ ਤੌਰ ’ਤੇ ਲਗਭਗ ਪੂਰੀ ਤਰ੍ਹਾਂ ਮੁੱਖ ਭੂਮੀ ਚੀਨ ਵਿਚੋਂ ਹੀ ਕੀਤੀ ਹੈ। ਉੱਤਰੀ ਅਮਰੀਕਾ ਮਹਾਂਦੀਪ (ਜਿਸ ਵਿਚ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਰਗੇ ਮੁਲਕ ਆਉਂਦੇ ਹਨ) ਵਿੱਚ ਇਸ ਨੇ ਸਿਰਫ 2.09 ਕਰੋੜ ਡਾਲਰ ਦੀ ਹੀ ਕਮਾਈ ਕੀਤੀ।

Share: