ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਵਿਚ ਟਰੱਕ ਤੇ ਟਰੇਲਰ ਟਰੱਕ ਦੀ ਟੱਕਰ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 11 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ 9 ਮਹਿਲਾਵਾਂ ਤੇ 4 ਬੱਚੇ ਸ਼ਾਮਲ ਹਨ।
ਹਾਦਸਾ ਐਤਵਾਰ ਰਾਤ ਨੂੰ ਰਾਏਪੁਰ-ਬਲੋਦਾਬਾਜ਼ਾਰ ਸੜਕ ’ਤੇ ਸਾਰਾਗਾਓਂ ਨੇੜੇ ਹੋਇਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕਿ ਚਾਤੌੜ ਪਿੰਡ ਦਾ ਇਕ ਪਰਿਵਾਰ ਪਰਿਵਾਰਕ ਸਮਾਗਮ ਲਈ ਬੰਸਾਰੀ ਪਿੰਡ ਗਿਆ ਸੀ। ਵਾਪਸੀ ਵੇਲੇ ਉਹ ਜਿਸ ਟਰੱਕ ਵਿਚ ਸਫ਼ਰ ਕਰ ਰਹੇ ਸਨ ਉਸ ਦੀ ਖਰੋੜਾ ਪੁਲੀਸ ਥਾਣੇ ਅਧੀਨ ਆਉਂਦੇ ਸਾਰਾਗਾਓਂ ਵਿਚ ਇਕ ਟਰੇਲਰ ਨਾਲ ਟੱਕਰ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲੀਸ ਟੀਮ ਮੌਕੇ ’ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਰਾਏਪੁਰ ਦੇ ਡਾ.ਭੀਮਰਾਓ ਅੰਬੇਦਕਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਏਪੁਰ ਦੇ ਜ਼ਿਲ੍ਹਾ ਕੁਲੈਕਟਰ ਗੌਰਵ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਤੇ 11 ਜਣੇ ਜ਼ਖ਼ਮੀ ਹਨ। ਕੁਲੈਕਟਰ ਨੇ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।