ਕੋਈ ਵੀ ਅਤਿਵਾਦੀ ਕਾਰਵਾਈ ਜੰਗ ਮੰਨੀ ਜਾਵੇਗੀ: ਰਵੀ ਸ਼ੰਕਰ ਪ੍ਰਸਾਦ

ਕੋਈ ਵੀ ਅਤਿਵਾਦੀ ਕਾਰਵਾਈ ਜੰਗ ਮੰਨੀ ਜਾਵੇਗੀ: ਰਵੀ ਸ਼ੰਕਰ ਪ੍ਰਸਾਦ

ਪੈਰਿਸ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਫਰਾਂਸ ’ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਤਿਵਾਦ ਦੇ ਆਲਮੀ ਸਰਾਪ ਖ਼ਿਲਾਫ਼ ਲੜ ਰਹੇ ‘ਬਰਾਂਡ ਇੰਡੀਆ’ ਨੂੰ ਸ਼ਾਂਤੀ ਦੇ ਪ੍ਰਤੀਕ ਵਜੋਂ ਪ੍ਰਦਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ ਦੀ ਹਰ ਕਾਰਵਾਈ ਨੂੰ ਜੰਗ ਦੇ ਰੂਪ ’ਚ ਦੇਖਿਆ ਜਾਵੇਗਾ।

ਪ੍ਰਸਾਦ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨੇ ਅੱਜ ਸ਼ਾਮ ਪੈਰਿਸ ’ਚ ਪਰਵਾਸੀ ਭਾਰਤੀਆਂ ਤੇ ਆਗੂਆਂ ਨਾਲ ਮੁਲਾਕਾਤ ਦੌਰਾਨ ਸੁਨੇਹਾ ਦਿੱਤਾ ਕਿ ਪਿਛਲੇ ਮਹੀਨੇ ਪਹਿਲਗਾਮ ’ਚ ਹੋਇਆ ਅਤਿਵਾਦੀ ਹਮਲਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਸ਼ਾਂਤੀ ਤੇ ਵਿਕਾਸ ਨੂੰ ਕਮਜ਼ੋਰ ਕਰਨ ਲਈ ਜਾਣ-ਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ। ਪ੍ਰਸਾਦ ਨੇ ਕਿਹਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਰਾਹੀਂ ‘ਸਟੀਕ, ਗਿਣੀ-ਮਿੱਥੀ ਤੇ ਤਣਾਅ ਨਾ ਵਧਾਉਣ ਵਾਲੀ’ ਪ੍ਰਤੀਕਿਰਿਆ ਦਿੱਤੀ ਅਤੇ ਇਸ ਦਾ ਟੀਚਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਢਾਂਚੇ ਸਨ। ਪ੍ਰਸਾਦ ਨੇ ਪਰਵਾਸੀਆਂ ਨੂੰ ਕਿਹਾ, ‘ਜਦੋਂ ਮੈਂ ਭਾਰਤ ਦੀ ਪ੍ਰਗਤੀ ਦੇਖਦਾ ਹਾਂ ਤਾਂ ਮੈਨੂੰ ਤੁਹਾਡੇ ਸਾਰਿਆਂ ’ਤੇ ਬਹੁਤ ਮਾਣ ਹੁੰਦਾ ਹੈ ਕਿਉਂਕਿ ਤੁਸੀਂ (ਦੇਸ਼ ਦੇ) ‘ਬਰਾਂਡ ਅੰਬੈਸਡਰ’ ਹੋ।’ ਉਨ੍ਹਾਂ ਕਿਹਾ, ‘ਕਿਰਪਾ ਕਰਕੇ ‘ਬਰਾਂਡ ਇੰਡੀਆ’ ਨੂੰ ਠੀਕ ਢੰਗ ਨਾਲ’ ਪੇਸ਼ ਕੀਤਾ ਜਾਵੇ। ਇਹ ਦਿਖਾਓ ਕਿ ਅਸੀਂ ਸ਼ਾਂਤੀ ਤੇ ਸੁਹਿਰਦਤਾ ਲਈ ਕੰਮ ਕਰਦੇ ਹਾਂ ਪਰ ਜੇ ਅਤਿਵਾਦੀ ਬੇਕਸੂਰ ਭਾਰਤੀਆਂ ਨੂੰ ਮਾਰਨਗੇ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਹ ‘ਅਪਰੇਸ਼ਨ ਸਿੰਧੂਰ’ ਦੀ ਜਿੱਤ ਹੈ।’ ਸਾਬਕਾ ਕੇਂਦਰੀ ਮੰਤਰੀ ਨੇ ਵਫ਼ਦ ਦਾ ਮੁੱਖ ਸੁਨੇਹਾ ਦੁਹਰਾਇਆ ਕਿ ਅਤਿਵਾਦ ਦੀ ਹਰ ਕਾਰਵਾਈ ਨੂੰ ਜੰਗ ਦੇ ਰੂਪ ’ਚ ਦੇਖਿਆ ਜਾਵੇਗਾ, ‘ਕਿਉਂਕਿ ਪਾਕਿਸਤਾਨ ’ਚ ਅਤਿਵਾਦ ਤੇ ਸਰਕਾਰੀ ਅਦਾਰੇ ਇਕਜੁੱਟ ਹਨ।’ ਉਨ੍ਹਾਂ ਕਿਹਾ, ‘ਜੇ ਤੁਹਾਨੂੰ ਇਸ ਬਾਰੇ ਸਵਾਲ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਕਿਹਾ ਸੀ ਕਿ ਇਹ ਜੰਗ ਦਾ ਯੁੱਗ ਨਹੀਂ ਤਾਂ ਜਵਾਬ ਦੇਣਾ ਕਿ ਇਹ ਅਤਿਵਾਦ ਦਾ ਯੁੱਗ ਵੀ ਨਹੀਂ ਹੈ। ਅਤਿਵਾਦ ਇੱਕ ਆਲਮੀ ਸਰਾਪ ਹੈ, ਇੱਕ ਆਲਮੀ ਕੈਂਸਰ ਹੈ, ਜੋ ਸੱਭਿਅਕ ਸਮਾਜ ਦੀ ਹੱਤਿਆ ਕਰ ਰਿਹਾ ਹੈ।’ ਸਮਾਗਮ ਨੂੰ ਲੋਕ ਸਭਾ ਮੈਂਬਰ ਪੀ. ਪੁਰੰਦੇਸ਼ਵਰੀ, ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ, ਰਾਜ ਸਭਾ ਮੈਂਬਰ ਗੁਲਾਮ ਅਲੀ ਖਟਾਨਾ, ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ, ਰਾਜ ਸਭਾ ਮੈਂਬਰ ਸਮਿਕ ਭੱਟਾਚਾਰੀਆ ਤੇ ਸਾਬਕਾ ਕੇਂਦਰੀ ਮੰਤਰੀ ਐੱਮਜੇ ਅਕਬਰ ਨੇ ਵੀ ਸੰਬੋਧਨ ਕੀਤਾ।

Share: