‘ਭਾਰਤ-ਪਾਕਿ ਵਿਚਾਲੇ ਤੀਜੇ ਮੁਲਕ ’ਚ ਵਾਰਤਾ ਨਾਲ ਘੱਟ ਸਕਦੈ ਤਣਾਅ’

ਲੰਡਨ : ਬਰਤਾਨੀਆ ਦੇ ਉੱਘੇ ਰਣਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਮੁਲਕ ’ਚ ਗ਼ੈਰ-ਰਸਮੀ ਵਾਰਤਾ ਨਾਲ ਖ਼ਿੱਤੇ ’ਚ ਤਣਾਅ ਘਟਾਉਣ ’ਚ ਸਹਾਇਤਾ ਮਿਲ ਸਕਦੀ ਹੈ। ਲੰਡਨ ਆਧਾਰਿਤ ਥਿੰਕ-ਟੈਂਕ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈਆਈਐੱਸਐੱਸ) ਨੇ ਪਿਛਲੇ ਹਫ਼ਤੇ ‘ਖੇਤਰੀ ਸਥਿਰਤਾ ਅਤੇ ਸੁਰੱਖਿਆ ਦੀਆਂ ਸੰਭਾਵਨਾਵਾਂ ਅਤੇ ਭਾਰਤ-ਪਾਕਿਸਤਾਨ ਫੌਜੀ ਟਕਰਾਅ’ ਮੁੱਦੇ ’ਤੇ ਇਕ ਵਿਚਾਰ-ਵਟਾਂਦਰੇ ਦਾ ਸੈਸ਼ਨ ਕਰਵਾਇਆ ਸੀ। ਆਈਆਈਐੱਸਐੱਸ ਦੇ ਸੀਨੀਅਰ ਫੈਲੋ ਅਤੇ ਦੱਖਣੀ ਤੇ ਮੱਧ ਏਸ਼ਿਆਈ ਪ੍ਰੋਗਰਾਮ ਦੇ ਮੁਖੀ ਰਾਹੁਲ ਰਾਏ-ਚੌਧਰੀ ਨੇ ਕਿਹਾ, ‘‘ਭਾਰਤ ਅਤੇ ਪਾਕਿਸਤਾਨ 100 ਘੰਟਿਆਂ ਦੇ ਫੌਜੀ ਟਕਰਾਅ ਮਗਰੋਂ ਵੱਖੋ ਵੱਖਰੇ ਅਤੇ ਵਿਵਾਦਤ ਬਿਰਤਾਂਤਾਂ ਨਾਲ ਅੱਗੇ ਆਏ ਹਨ। ਭਾਰਤ ਨੇ ਦਹਿਸ਼ਤੀ ਹਮਲਿਆਂ ਦੇ ਖ਼ਾਤਮੇ ਤੱਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦੀ ਵਾਰਤਾ ਅਤੇ ਵਪਾਰ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਭਵਿੱਖ ’ਚ ਸਿਰਫ਼ ਅਤਿਵਾਦ ਅਤੇ ਮਕਬੂਜ਼ਾ ਕਸ਼ਮੀਰ ਬਾਰੇ ਹੀ ਗੱਲਬਾਤ ਕਰੇਗਾ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਵਾਰਤਾ ਲਈ ਸ਼ਰਤਾਂ ਰੱਖੇ ਜਾਣ ਨੂੰ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਉਹ ਇਸ ਮਾਮਲੇ ’ਚ ਕੌਮਾਂਤਰੀ ਦਖ਼ਲ ਦੀ ਕੋਸ਼ਿਸ਼ ’ਚ ਹੈ। ਸਰਬ-ਪਾਰਟੀ ਵਫ਼ਦ ਦੇ ਅਗਲੇ ਹਫ਼ਤੇ ਬਰਤਾਨੀਆ ਪੁੱਜਣ ਦਾ ਜ਼ਿਕਰ ਕਰਦਿਆਂ ਰਾਏ-ਚੌਧਰੀ ਨੇ ਕਿਹਾ ਕਿ ਭਾਰਤ ਅਤਿਵਾਦ ਵਿਰੋਧੀ ਸਿਧਾਂਤ ’ਤੇ ਕੌਮਾਂਤਰੀ ਭਾਈਚਾਰੇ ਨੂੰ ਨਾਲ ਲੈ ਕੇ ਸਰਬਸੰਮਤੀ ਬਣਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ।

Share: