ਭਾਰਤ ਤੇ ਪਾਕਿਸਤਾਨ ’ਚ ਵਧਦੇ ਤਣਾਅ ਦਰਮਿਆਨ ਹਵਾਈ ਸੈਨਾ ਮੁਖੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਭਾਰਤ ਤੇ ਪਾਕਿਸਤਾਨ ’ਚ ਵਧਦੇ ਤਣਾਅ ਦਰਮਿਆਨ ਹਵਾਈ ਸੈਨਾ ਮੁਖੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜਲ ਸੈਨਾ ਮੁਖੀ ਐਡਮਿਰਲ ਡੀਕੇ ਤ੍ਰਿਪਾਠੀ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਹਨ। ਜਲ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਅਰਬ ਸਾਗਰ ਵਿੱਚ ਨਾਜ਼ੁਕ ਸਮੁੰਦਰੀ ਮਾਰਗਾਂ ਦੀ ਸਮੁੱਚੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ।

ਇਹ ਮੁਲਾਕਾਤਾਂ ਇਸ ਲਈ ਅਹਿਮ ਹਨ ਕਿਉਂਕਿ ਫਰਵਰੀ 2019 ਵਿੱਚ ਪੁਲਵਾਮਾ ਵਿੱਚ ਹੋਏ ਆਖਰੀ ਵੱਡੇ ਦਹਿਸ਼ਤੀ ਹਮਲੇ ਦਾ ਜਵਾਬ ਭਾਰਤੀ ਹਵਾਈ ਸੈਨਾ ਨੇ ਦਿੱਤਾ ਸੀ, ਜਿਸ ਵਿੱਚ ਜੈੱਟ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਬੰਬਾਰੀ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਹਵਾਈ ਰੱਖਿਆ ਦੇ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਦੀ ਤਾਕਤ ਕਈ ਗੁਣਾਂ ਵਧੀ ਹੈ। ਬਾਲਾਕੋਟ ਹਮਲੇ ਤੋਂ ਬਾਅਦ ਰਾਫੇਲ ਜੈੱਟਾਂ ਵਿੱਚ ਅਜਿਹੀਆਂ ਮਿਜ਼ਾਈਲਾਂ ਸ਼ਾਮਲ ਹਨ, ਜੋ ਆਪਣੇ ਨਿਸ਼ਾਨੇ ਨੂੰ ਪੂਰੀ ਸਟੀਕਤਾ ਨਾਲ ਫੁੰਡ ਸਕਦੀਆਂ ਹਨ। ਰੂਸ ਦੀ ਬਣੀ S-400 ਹਵਾਈ ਰੱਖਿਆ ਪ੍ਰਣਾਲੀ ਕਈ ਖਤਰਿਆਂ ਨੂੰ ਟਰੈਕ ਅਤੇ ਨਿਸ਼ਾਨਾ ਬਣਾ ਸਕਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਹਵਾਈ ਸੈਨਾ ਦੇ ਮੁਖੀ ਨਾਲ ਬੈਠਕ ਤੇ ਲੰਘੇ ਦਿਨ ਜਲ ਸੈਨਾ ਦੇ ਮੁਖੀ ਨਾਲ ਬੈਠਕ ਵਿਚ, ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਦਾ ਜਵਾਬ ਦੇਣ ਲਈ ਭਾਰਤ ਵੱਲੋਂ ਵਰਤੇ ਜਾ ਸਕਣ ਵਾਲੇ ਵੱਖ-ਵੱਖ ਵਿਕਲਪਾਂ ’ਤੇ ਵਿਚਾਰ ਕਰਨਗੇ।

ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮੀਡੀਆ ਹਾਊਸ ‘ਫੌਕਸ ਨਿਊਜ਼’ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, ‘‘ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਇਸ ਦਹਿਸ਼ਤੀ ਹਮਲੇ ਦਾ ਜਵਾਬ ਇਸ ਢੰਗ ਤਰੀਕੇ ਨਾਲ ਦੇਵੇਗਾ ਜਿਸ ਨਾਲ ਖਿੱਤੇ ਵਿਚ ਵਿਸ਼ਾਲ ਖੇਤਰੀ ਟਕਰਾਅ ਨਾ ਹੋਵੇ।’’ ਉਨ੍ਹਾਂ ਨੇ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ‘‘ਸੱਚ ਕਹਾਂ ਤਾਂ, ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪਾਕਿਸਤਾਨ, ਆਪਣੀ ਜ਼ਿੰਮੇਵਾਰੀ ਮੁਤਾਬਕ, ਭਾਰਤ ਨਾਲ ਸਹਿਯੋਗ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਤਿਵਾਦੀ, ਜੋ ਕਈ ਵਾਰ ਉਸ ਦੇ ਖੇਤਰ ਤੋਂ ਕੰਮ ਕਰਦੇ ਹਨ, ਨੂੰ ਖ਼ਤਮ ਕੀਤਾ ਜਾਵੇ।’’

Share: