ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਇਰਾਨ ਤੇ ਅਮਰੀਕਾ ਵਿਚਾਲੇ ਚੌਥੇ ਗੇੜ ਦੀ ਵਾਰਤਾ

ਦੁਬਈ : ਇਰਾਨ ਅਤੇ ਅਮਰੀਕਾ ਨੇ ਅੱਜ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚੌਥੇ ਗੇੜ ਦੀ ਗੱਲਬਾਤ ਕੀਤੀ। ਇਹ ਵਾਰਤਾ ਉਸ ਸਮੇਂ ਹੋਈ ਜਦੋਂ ਇਸ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪੱਛਮੀ ਏਸ਼ੀਆ ਦਾ ਦੌਰਾ ਕਰਨਗੇ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਓਮਾਨ ਦੀ ਰਾਜਧਾਨੀ ਮਸਕਟ ’ਚ ਕਰੀਬ ਤਿੰਨ ਘੰਟਿਆਂ ਤੱਕ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋਈ। ਇਕ ਅਧਿਕਾਰੀ ਨੇ ਆਪਣਾ ਨਾਮ ਦੱਸੇ ਬਿਨਾਂ ਆਖਿਆ ਕਿ ਵਾਰਤਾ ਜਾਰੀ ਰੱਖਣ ਲਈ ਸਮਝੌਤਾ ਹੋ ਗਿਆ ਹੈ। ਉਸ ਨੇ ਕਿਹਾ ਕਿ ਅਗਲੀ ਮੀਟਿੰਗ ਛੇਤੀ ਹੋਵੇਗੀ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਦੇ ਬਦਲੇ ’ਚ ਅਮਰੀਕਾ ਵੱਲੋਂ ਉਸ ਖ਼ਿਲਾਫ਼ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਵਾਰਤਾ ’ਚ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲ-ਬੁਸੈਦੀ ਨੇ ਵਿਚੋਲਗੀ ਕੀਤੀ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਦੌਰ ਦੀ ਗੱਲਬਾਤ ਵਾਂਗ ਐਤਕੀਂ ਵੀ ਅਸਿੱਧੇ ਅਤੇ ਸਿੱਧੇ ਪੱਖ ਦੋਵੇਂ ਸ਼ਾਮਲ ਹੋਣਗੇ। ਟਰੰਪ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਇਰਾਨ ਦੇ ਪ੍ਰੋਗਰਾਮ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰਨਗੇ। ਉਧਰ ਇਰਾਨੀ ਅਧਿਕਾਰੀ ਵੀ ਵਾਰ-ਵਾਰ ਪ੍ਰਮਾਣੂ ਹਥਿਆਰ ਬਣਾਉਣ ਦੀ ਦਿਸ਼ਾ ਵੱਲ ਅੱਗੇ ਵਧਣ ਦੀ ਚਿਤਾਵਨੀ ਦੇ ਰਹੇ ਹਨ। ਇਸ ਵਿਚਾਲੇ ਇਜ਼ਰਾਈਲ ਨੇ ਕਿਹਾ ਕਿ ਜੇ ਉਸ ਨੂੰ ਖ਼ਤਰਾ ਮਹਿਸੂਸ ਹੋਇਆ ਤਾਂ ਉਹ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰੇਗਾ।

Share: