ਤਹਿਰਾਨ : ਇਰਾਨ ਦੇ ਪ੍ਰਮੁੱਖ ਆਗੂ ਆਇਤੁੱਲ੍ਹਾ ਅਲੀ ਖਮੇਨੇਈ ਨੇ ਅਮਰੀਕਾ ਵੱਲੋਂ ਇਸ ਦੇ ਪਰਮਾਣੂ ਪ੍ਰੋਗਰਾਮ ਦੀ ਕੀਤੀ ਗਈ ਨਿਖੇਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਇਹ ਆਪਣਾ ਯੂਰੇਨੀਅਮ ਭੰਡਾਰ ਮਜ਼ਬੂਤ ਕਰਨ ਲਈ ਕਿਸੇ ਤੋਂ ਆਗਿਆ ਨਹੀਂ ਲਵੇਗਾ। ਉਨ੍ਹਾਂ ਅਮਰੀਕਾ ਵੱਲੋਂ ਦਿੱਤੇ ਗਏ ਬਿਆਨਾਂ ਨੂੰ ‘ਬੇਤੁਕਾ’ ਕਰਾਰ ਦਿੱਤਾ ਹੈ। ਪਿਛਲੇ ਵਰ੍ਹੇ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਯਾਦ ’ਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਕਿਹਾ,‘ਉਨ੍ਹਾਂ (ਅਮਰੀਕਾ) ਦਾ ਕਹਿਣਾ ਹੈ ਕਿ ਅਸੀਂ ਇਰਾਨ ਨੂੰ ਯੂਰੇਨੀਅਮ ਦੇ ਭੰਡਾਰ ਨੂੰ ਹੋਰ ਮਜ਼ਬੂਤ ਕਰਨ ਦੀ ਆਗਿਆ ਨਹੀਂ ਦਿੰਦੇ। ਇਹ ਅਰਥ-ਵਿਹੂਣੀ ਗੱਲ ਹੈ।’ ਉਨ੍ਹਾਂ ਕਿਹਾ ਕਿ ਇਰਾਨ ’ਚ ਕੋਈ ਵੀ ਉਨ੍ਹਾਂ ਤੋਂ ਆਗਿਆ ਲੈਣ ਦੇ ਇੰਤਜ਼ਾਰ ’ਚ ਨਹੀਂ ਹੈ। ਇਸ ਇਸਲਾਮਿਕ ਮੁਲਕ ਦੀਆਂ ਆਪਣੀਆਂ ਨੀਤੀਆਂ ਤੇ ਫ਼ੈਸਲੇ ਹਨ ਤੇ ਇਹ ਉਨ੍ਹਾਂ ਮੁਤਾਬਕ ਹੀ ਚੱਲੇਗਾ। ਸ੍ਰੀ ਖਮੇਨੇਈ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਇਰਾਨ ਅਤੇ ਅਮਰੀਕਾ ਵਿਚਾਲੇ ਅਸਿੱਧੇ ਢੰਗ ਨਾਲ ਗੱਲਬਾਤ ਜਾਰੀ ਹੈ। ਹਾਲਾਂਕਿ, ਉਨ੍ਹਾਂ ਇਸ ਗੱਲਬਾਤ ਦੇ ਨਤੀਜਿਆਂ ਬਾਰੇ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਕਿਹਾ, ‘ਮੇਰੇ ਵਾਂਗ ਰਈਸੀ ਦੇ ਸਮੇਂ ਵੀ ਅਸਿੱਧੀ ਗੱਲਬਾਤ ਹੁੰਦੀ ਰਹੀ ਹੈ ਪਰ ਇਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਤੇ ਸਾਨੂੰ ਮੌਜੂਦਾ ਗੱਲਬਾਤ ਤੋਂ ਵੀ ਵਧੇਰੇ ਆਸ ਨਹੀਂ ਹੈ। ਕਿਸਨੂੰ ਪਤਾ ਕੀ ਹੋਵੇਗਾ?’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘੇਈ ਨੇ ਸਰਕਾਰੀ ਖ਼ਬਰ ਏਜੰਸੀ ਆਈਆਰਐੱਨਏ ਨੂੰ ਦੱਸਿਆ ਕਿ ਅਗਲੇ ਪੱਧਰ ਦੀ ਗੱਲਬਾਤ ਲਈ ਅਜੇ ਕੋਈ ਪੱਕਾ ਫ਼ੈਸਲਾ ਨਹੀਂ ਲਿਆ ਗਿਆ। ਏਜੰਸੀ ਮੁਤਾਬਕ ਉਪ ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਰਾਨ ਨੂੰ ਅਮਰੀਕਾ ਵੱਲੋਂ ਅਗਲੇਰੀ ਗੱਲਬਾਤ ਲਈ ਪ੍ਰਸਤਾਵ ਮਿਲਿਆ ਹੈ ਤੇ ਇਸ ਵੱਲੋਂ ਇਸ ਦੀ ਪੜਚੋਲ ਕੀਤੀ ਜਾ ਰਹੀ ਹੈ।
Posted inNews
ਪਰਮਾਣੂ ਭੰਡਾਰਾਂ ਲਈ ਕਿਸੇ ਦੀ ਮਨਜ਼ੂਰੀ ਨਹੀਂ ਚਾਹੀਦੀ: ਖਮੇਨੇਈ
