ਦੋਹਾ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕੀ ਵਸਤਾਂ ਤੋਂ ਸਾਰਾ ਟੈਕਸ ਹਟਾਉਣ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਦੋਹਾ ’ਚ ਕਾਰੋਬਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਟਿਮ ਕੁੱਕ ਨਾਲ ‘ਥੋੜ੍ਹੀ ਜਿਹੀ’ ਸਮੱਸਿਆ ਹੈ। ਉਨ੍ਹਾਂ ਐੱਪਲ ਦੇ ਸੀਈਓ ਨੂੰ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਹ (ਕੁੱਕ) ਆਈਫੋਨ ਭਾਰਤ ’ਚ ਬਣਾਉਣ। ਭਾਰਤ ਵੱਲੋਂ ਹਾਲਾਂਕਿ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਖਾੜੀ ਮੁਲਕਾਂ ਦੇ ਚਾਰ ਰੋਜ਼ਾ ਦੌਰੇ ਦੌਰਾਨ ਕਤਰ ਆਏ ਟਰੰਪ ਐਪਲ ਦੀ ਭਾਰਤ ’ਚ ਆਈਫੋਨ ਬਣਾਉਣ ਦੀ ਯੋਜਨਾ ਬਾਰੇ ਚਰਚਾ ਕਰ ਰਹੇ ਸਨ। ਟਰੰਪ ਨੇ ਕਿਹਾ, ‘ਮੈਂ ਉਨ੍ਹਾਂ (ਕੁੱਕ) ਨੂੰ ਕਿਹਾ, ਮੇਰੇ ਦੋਸਤ, ਮੈਂ ਤੁਹਾਡੇ ਨਾਲ ਬਹੁਤ ਚੰਗਾ ਵਿਹਾਰ ਕਰ ਰਿਹਾ ਹਾਂ। ਤੁਸੀਂ 500 ਅਰਬ ਡਾਲਰ ਲਿਆ ਰਹੇ ਹੋ। ਪਰ ਹੁਣ ਮੈਂ ਸੁਣ ਰਿਹਾ ਹਾਂ ਕਿ ਤੁਸੀਂ ਭਾਰਤ ’ਚ ਨਿਰਮਾਣ ਕਰ ਰਹੇ ਹੋ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ ’ਚ ਨਿਰਮਾਣ ਕਰੋ। ਜੇ ਤੁਸੀਂ ਭਾਰਤ ਦਾ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਭਾਰਤ ’ਚ ਨਿਰਮਾਣ ਕਰ ਸਕਦੇ ਹੋ, ਕਿਉਂਕਿ ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ’ਚੋਂ ਇੱਕ ਹੈ, ਇਸ ਲਈ ਭਾਰਤ ’ਚ ਵਿਕਰੀ ਕਰਨਾ ਬਹੁਤ ਮੁਸ਼ਕਲ ਹੈ।’ ਟਰੰਪ ਨੇ ਕਿਹਾ, ‘ਉਨ੍ਹਾਂ (ਭਾਰਤ ਨੇ) ਸਾਨੂੰ ਪੇਸ਼ਕਸ਼ ਕੀਤੀ ਹੈ ਜਿਸ ਵਿੱਚ ਮੂਲ ਰੂਪ ’ਚ ਉਹ ਸਾਡੇ ਤੋਂ ਕੋਈ ਵੀ ਟੈਕਸ ਨਾ ਵਸੂਲਣ ’ਤੇ ਸਹਿਮਤ ਹੋਏ ਹਨ।’ ਉਨ੍ਹਾਂ ਕਿਹਾ, ‘ਮੈਂ ਕਿਹਾ ‘ਟਿਮ, ਅਸੀਂ ਤੁਹਾਡੇ ਨਾਲ ਬਹੁਤ ਚੰਗਾ ਵਿਹਾਰ ਕਰ ਰਹੇ ਹਾਂ, ਅਸੀਂ ਚੀਨ ’ਚ ਤੁਹਾਡੇ ਵੱਲੋਂ ਲਾਏ ਗਏ ਸਾਰੇ ਪਲਾਂਟਾਂ ਨੂੰ ਸਾਲਾਂ ਤੱਕ ਝੱਲਿਆ ਹੈ। ਸਾਨੂੰ ਤੁਹਾਡੇ ਵੱਲੋਂ ਭਾਰਤ ’ਚ ਨਿਰਮਾਣ ਕੀਤਾ ਜਾਣਾ ਪਸੰਦ ਨਹੀਂ ਹੈ। ਭਾਰਤ ਆਪਣਾ ਖਿਆਲ ਖੁਦ ਰੱਖ ਸਕਦਾ ਹੈ।’ ਟਰੰਪ ਦੀ ਇਹ ਟਿੱਪਣੀ ਕੁੱਕ ਵੱਲੋਂ ਇਹ ਕਹੇ ਜਾਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਆਈ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਭਾਰਤ ਸਮੇਤ ਕਈ ਮੁਲਕਾਂ ’ਚ ਤਿਮਾਹੀ ਰਿਕਾਰਡ ਬਣਾਏ ਹਨ। ਕੁੱਕ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਜੂਨ ਤਿਮਾਹੀ ’ਚ ਅਮਰੀਕਾ ’ਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਐਪਲ ਭਾਰਤ ਤੋਂ ਖਰੀਦੇਗਾ ਜਦਕਿ ਚੀਨ ਟੈਕਸ ਦਰਾਂ ’ਚ ਬੇਯਕੀਨੀ ਦਰਮਿਆਨ ਹੋਰ ਬਾਜ਼ਾਰਾਂ ਲਈ ਵਧੇਰੇ ਡਿਵਾਇਸਾਂ ਦਾ ਉਤਪਾਦਨ ਕਰੇਗਾ।
ਟਰੰਪ ਦੇ ਟੈਰਿਫ ਬਾਰੇ ਐਲਾਨ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਹਾ ’ਚ ਕੀਤੀ ਗਈ ਟਿੱਪਣੀ ਮਗਰੋਂ ਪ੍ਰਧਾਨ ਨਰਿੰਦਰ ਮੋਦੀ ਦੀ ਚੁੱਪ ’ਤੇ ਸਵਾਲ ਚੁੱਕੇ ਜਿੱਥੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਰਤ ਕਈ ਅਮਰੀਕੀ ਵਸਤਾਂ ’ਤੇ ਆਪਣੇ ‘ਸਭ ਤੋਂ ਉੱਚੇ’ ਟੈਰਿਫ ਮੁਕਾਬਲੇ ‘ਜ਼ੀਰੋ ਟੈਰਿਫ’ ’ਤੇ ਸਹਿਮਤ ਹੋ ਗਿਆ ਹੈ ਅਤੇ ਪੁੱਛਿਆ ਕਿ ਇਸ ਦਾ ਅਪਰੇਸ਼ਨ ਸਿੰਧੂਰ ਨੂੰ ਰੋਕਣ ਨਾਲ ਕੀ ਸਬੰਧ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘ਵਣਜ ਮੰਤਰੀ ਵਾਸ਼ਿੰਗਟਨ ਡੀਸੀ ’ਚ ਹਨ ਅਤੇ ਰਾਸ਼ਟਰਪਤੀ ਟਰੰਪ ਨੇ ਦੋਹਾ ਤੋਂ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਸਾਡੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਚੁੱਪ ਹਨ। ਉਨ੍ਹਾਂ ਕੀ ਸਹਿਮਤੀ ਦਿੱਤੀ ਹੈ? ਅਤੇ ਅਪਰੇਸ਼ਨ ਸਿੰਧੂਰ ਰੋਕਣ ਨਾਲ ਇਸ ਦਾ ਕੀ ਸਬੰਧ ਹੈ?’