ਰਿਆਧ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ-ਸ਼ਰਾ ਨਾਲ ਸਾਊਦੀ ਅਰਬ ’ਚ ਮੁਲਾਕਾਤ ਕੀਤੀ। ਦੋਵੇਂ ਮੁਲਕਾਂ ਦੇ ਆਗੂਆਂ ਵਿਚਕਾਰ 25 ਸਾਲਾਂ ਮਗਰੋਂ ਇਹ ਪਹਿਲੀ ਮੁਲਾਕਾਤ ਹੈ। ਖਾੜੀ ਸਹਿਯੋਗ ਪਰਿਸ਼ਦ ਦੇ ਆਗੂਆਂ ਨਾਲ ਮੀਟਿੰਗ ਤੋਂ ਵੱਖ ਟਰੰਪ ਵੱਲੋਂ ਸੀਰੀਆ ਦੇ ਆਗੂ ਨਾਲ ਮੁਲਾਕਾਤ ਕੀਤੇ ਜਾਣ ਨਾਲ ਨਵੇਂ ਆਲਮੀ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ। ਟਰੰਪ ਨੇ ਸੀਰੀਆ ’ਤੇ ਸਾਬਕਾ ਤਾਨਸ਼ਾਹ ਬਸ਼ਰ ਅਸਦ ਦੇ ਰਾਜ ਦੌਰਾਨ ਲਾਈਆਂ ਪਾਬੰਦੀਆਂ ਹਟਾਉਣ ਦੇ ਵੀ ਸੰਕੇਤ ਦਿੱਤੇ ਹਨ। ਟਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ‘ਕ੍ਰਾਊਨ ਪ੍ਰਿੰਸ’ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਨੇ ਉਨ੍ਹਾਂ ਨੂੰ ਅਲ-ਸ਼ਰਾ ਨਾਲ ਮਿਲਣ ਲਈ ਹੱਲਾਸ਼ੇਰੀ ਦਿੱਤੀ। ਕਰੀਬ 33 ਮਿੰਟ ਤੱਕ ਚੱਲੀ ਮੀਟਿੰਗ ਦੌਰਾਨ ਮੁਹੰਮਦ ਬਿਨ ਸਲਮਾਨ ਵੀ ਹਾਜ਼ਰ ਸਨ। ਉਂਝ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਨੂੰ ਆਖਿਆ ਸੀ ਕਿ ਉਹ ਸੀਰੀਆ ਤੋਂ ਪਾਬੰਦੀਆਂ ਨਾ ਹਟਾਵੇ। ਟਰੰਪ ਅਤੇ ਸ਼ਰਾ ਵਿਚਕਾਰ ਜਿਵੇਂ ਹੀ ਮੀਟਿੰਗ ਹੋਈ ਤਾਂ ਸੀਰੀਆ ਦੇ ਲੋਕਾਂ ਨੇ ਆਤਿਸ਼ਬਾਜ਼ੀ ਕਰਕੇ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਅਲ-ਸ਼ਰਾ ਦੇ ਅਲ-ਕਾਇਦਾ ਨਾਲ ਸਬੰਧ ਰਹੇ ਸਨ। -ਏਪੀ
ਇਰਾਨ ਅਤਿਵਾਦੀਆਂ ਦੀ ਹਮਾਇਤ ਬੰਦ ਕਰੇ: ਟਰੰਪ
ਰਿਆਧ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖਾੜੀ ਮੁਲਕਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਲਈ ਉਸ ਨਾਲ ਫੌਰੀ ‘ਸਮਝੌਤਾ ਕਰਨਾ’ ਚਾਹੁੰਦੇ ਹਨ ਪਰ ਕਿਸੇ ਵੀ ਸੰਭਾਵਿਤ ਸਮਝੌਤੇ ਦੇ ਹਿੱਸੇ ਵਜੋਂ ਤਹਿਰਾਨ ਨੂੰ ਪੂਰੇ ਖ਼ਿੱਤੇ ’ਚ ‘ਅਤਿਵਾਦੀ ਗੁੱਟਾਂ’ ਨੂੰ ਆਪਣੀ ਹਮਾਇਤ ਬੰਦ ਕਰਨੀ ਹੋਵੇਗੀ। ਖਾੜੀ ਸਹਿਯੋਗ ਪਰਿਸ਼ਦ ਦੇ ਆਗੂਆਂ ਦੀ ਮੀਟਿੰਗ ’ਚ ਟਰੰਪ ਨੇ ਇਰਾਨ ’ਤੇ ਗਾਜ਼ਾ ’ਚ ਹਮਾਸ, ਲਿਬਨਾਨ ’ਚ ਹਿਜ਼ਬੁੱਲ੍ਹਾ ਅਤੇ ਯਮਨ ’ਚ ਹੂਤੀ ਬਾਗ਼ੀਆਂ ਨੂੰ ਹਮਾਇਤ ਬੰਦ ਕਰਨ ਲਈ ਸਖ਼ਤ ਸ਼ਬਦਾਂ ’ਚ ਦਬਾਅ ਪਾਇਆ ਹੈ।
ਕਤਰ ਨਾਲ 1.2 ਖ਼ਰਬ ਡਾਲਰ ਦੇ ਸਮਝੌਤੇ
ਦੋਹਾ: ਕਤਰ ਦੀ ਰਾਜਧਾਨੀ ਪੁੱਜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਉਥੋਂ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਨਾਲ 1.2 ਖ਼ਰਬ ਡਾਲਰ ਦੇ ਆਰਥਿਕ ਸਮਝੌਤੇ ਕੀਤੇ। ਇਨ੍ਹਾਂ ਸਮਝੌਤਿਆਂ ’ਚ 210 ਬੋਇੰਗ 787 ਡਰੀਮਲਾਈਨਰ ਅਤੇ 777ਐਕਸ ਜਹਾਜ਼ ਖ਼ਰੀਦਣ ਦਾ ਕਤਰ ਏਅਰਵੇਅਜ਼ ਨਾਲ 96 ਅਰਬ ਡਾਲਰ ਦਾ ਸਮਝੌਤਾ ਵੀ ਸ਼ਾਮਲ ਹੈ। ਇਸ ਦੇ ਨਾਲ ਕਤਰ ਦੇ ਅਲ ਉਦੇਦ ਏਅਰ ਬੇਸ ਅਤੇ ਹੋਰ ਹਵਾਈ ਰੱਖਿਆ ਲਈ 38 ਅਰਬ ਡਾਲਰ ਦੇ ਨਿਵੇਸ਼ ਸਬੰਧੀ ਵੀ ਇਰਾਦਾ ਜ਼ਾਹਿਰ ਕੀਤਾ ਗਿਆ ਹੈ।